ਕੀਵ (ਰਾਇਟਰ) : ਨਾਟੋ ਨੇ ਚਿਤਾਵਨੀ ਦਿੱਤੀ ਹੈ ਕਿ ਯੂਕਰੇਨ ‘ਚ ਸਾਲਾਂ ਤਕ ਜੰਗ ਚੱਲ ਸਕਦੀ ਹੈ। ਜੇਕਰ ਦੇਸ਼ ਦੇ ਪੂਰਬੀ ਹਿੱਸੇ ‘ਤੇ ਯੂਕਰੇਨ ਦਾ ਕਬਜ਼ਾ ਬਰਕਰਾਰ ਰੱਖਣਾ ਹੈ ਤਾਂ ਸਹਿਯੋਗੀ ਦੇਸ਼ਾਂ ਨੂੰ ਉਸ ਦੀ ਮਦਦ ਬਣਾਈ ਰੱਖਣੀ ਪਵੇਗੀ। ਇਹ ਗੱਲ ਨਾਟੋ ਦੇ ਸਕੱਤਰ ਜਨਰਲ ਜੇਂਸ ਸਟੋਲਟੇਨਬਰਗ ਨੇ ਕਹੀ ਹੈ।
ਨਾਟੋ ਮੁਖੀ ਨੇ ਕਿਹਾ, ਯੂਕਰੇਨੀ ਫ਼ੌਜ ਨੂੰ ਅਤਿਆਧੁਨਿਕ ਹਥਿਆਰ ਦੇ ਕੇ ਹੀ ਪੂਰਬੀ ਯੂਕਰੇਨ ਦਾ ਡੋਨਬਾਸ (ਲੁਹਾਂਸਕ ਤੇ ਡੋਨੈਸਕ) ਇਲਾਕਾ ਰੂਸੀ ਫ਼ੌਜ ਤੋਂ ਮੁਕਤ ਕਰਵਾਇਆ ਜਾ ਸਕਦਾ ਹੈ। ਡੋਨਬਾਸ ਦੇ ਇਕ ਹਿੱਸੇ ‘ਤੇ ਰੂਸ ਹਮਾਇਤੀ ਲੜਾਕਿਆਂ ਨੇ 2014 ‘ਚ ਕਬਜ਼ਾ ਕਰ ਲਿਆ ਸੀ। ਇਸ ਜੰਗ ‘ਚ ਦੋਵੇਂ ਸੂਬਿਆਂ ਦੇ ਜ਼ਿਆਦਾਤਰ ਹਿੱਸੇ ‘ਤੇ ਰੂਸੀ ਫ਼ੌਜ ਕਬਜ਼ਾ ਕਰ ਚੁੱਕੀ ਹੈ। ਇਕ ਅਖ਼ਬਾਰ ਨਾਲ ਇੰਟਰਵਿਊ ‘ਚ ਸਟੋਲਟੇਨਬਰਗ ਨੇ ਕਿਹਾ, ਕੀਵ ‘ਤੇ ਕਬਜ਼ੇ ‘ਚ ਅਸਫਲ ਰਹਿਣ ਤੋਂ ਬਾਅਦ ਰੂਸੀ ਫ਼ੌਜ ਨੇ ਡੋਨਬਾਸ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਹੁਣ ਉਸ ਇਲਾਕੇ ‘ਤੇ ਮੁੜ ਤੋਂ ਕਬਜ਼ਾ ਕਰਨ ‘ਚ ਯੂਕਰੇਨ ਨੂੰ ਕਈ ਸਾਲ ਲੱਗ ਸਕਦੇ ਹਨ ਤੇ ਇਸ ਕੰਮ ‘ਚ ਉਸ ਨੂੰ ਮਿੱਤਰ ਦੇਸ਼ਾਂ ਦੇ ਸਹਿਯੋਗ ਦੀ ਲੋੜ ਹੋਵੇਗੀ। ਪਰ ਇਸ ‘ਚ ਵੱਡੀ ਧਨਰਾਸ਼ੀ ਖ਼ਰਚ ਹੋਵੇਗੀ। ਮਦਦ ਦੇ ਤੌਰ ‘ਤੇ ਅਤਿਆਧੁਨਿਕ ਹਥਿਆਰ ਦੇਣੇ ਪੈਣਗੇ, ਦੁਨੀਆ ‘ਚ ਊਰਜਾ ਪੈਦਾ ਕਰਨ ਵਾਲੇ ਉਤਪਾਦਾਂ ਦੇ ਮੁੱਲ ਵਧਣਗੇ ਤੇ ਅਨਾਜ ਮਹਿੰਗਾ ਹੋਵੇਗਾ।