ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੀ ਦੂਜੇ ਦਿਨ ਦੀ ਕਾਰਵਾਈ ਜਾਰੀ ਹੈ। ਵਿਧਾਨ ਸਭਾ ਸਪੀਕਰ ਨੇ ਕਿਹਾ ਕਿ ਅਗਲੇ ਸੈਸ਼ਨ ਤੋਂ ਸਿਫ਼ਰ ਕਾਲ ਦੌਰਾਨ ਵਿਧਾਇਕ ਪਹਿਲਾਂ ਲਿਖ ਕੇ ਸਵਾਲ ਦੇਣਗੇ। ਸਾਰੇ ਵਿਧਾਇਕਾਂ ਨੇ ਸਪੀਕਰ ਦੀ ਤਜਵੀਜ਼ ‘ਤੇ ਮੋਹਰ ਲਗਾਈ। ਵਿਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿੱਤੀ ਹਾਲਤ ਬਾਰੇ ਸਫ਼ੈਦ ਪੱਤਰ ਸਦਨ ‘ਚ ਪੇਸ਼ ਕੀਤਾ। ਮੁੱਖ ਮੰਤਰੀ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ‘ਚ ਭ੍ਰਿਸ਼ਟਾਚਾਰ ਕਰਨ ਵਾਲੇ ਬਚਾਏ ਨਹੀਂ ਜਾਣਗੇ। ਕੋਈ ਝੂਠੇ ਵਾਅਦੇ ਨਹੀਂ ਕੀਤੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਕ ਵਿਧਾਇਕ ਇੱਕ ਪੈਨਸ਼ਨ ਦਾ ਬਿਲ ਇਸੇ ਸੈਸ਼ਨ ‘ਚ ਲਿਆਂਦਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੌ ਦਿਨਾਂ ‘ਚ ਇਤਿਹਾਸਕ ਫ਼ੈਸਲੇ ਲਏ ਹਨ।
ਭਗਵੰਤ ਮਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਰਕਾਰ ਸਿੱਖਿਆ ਦੇ ਖੇਤਰ ‘ਚ ਵੱਡਾ ਸੁਧਾਰ ਲਿਆਉਣ ਲਈ ਵਚਨਬੱਧ ਹੈ। ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਫੀਸਾਂ ਲੈਣ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਨ੍ਹਾਂ ਦੀ ਮਾਨਤਾ ਰੱਦ ਕੀਤੀ ਜਾਵੇਗੀ। ਭਗਵੰਤ ਮਾਨ ਨੇ ਅੱਜ ਫਿਰ ਦੁਹਰਾਇਆ ਕਿ ਅਧਿਆਪਕਾਂ ਤੋਂ ਸਿਰਫ਼ ਸਿੱਖਿਆ ਦਾ ਕੰਮ ਲਿਆ ਜਾਵੇਗਾ ਜਲਦ ਹੀ ਅਧਿਆਪਕਾਂ ਦੀ ਭਰਤੀ ਕੀਤੀ ਜਾਵੇਗੀ।