ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਆਖਿਆ ਕਿ ਨਾਟੋ ਫੌਜਾਂ ਦੀ ਮਦਦ ਲਈ ਪ੍ਰਗਟਾਏ ਗਏ ਤਹੱਈਏ ਤਹਿਤ ਕੈਨੇਡਾ ਹੋਰ ਫੌਜੀ ਟੁਕੜੀਆਂ ਲੈਟਵੀਆ ਭੇਜੇਗਾ।
ਕੈਨੇਡਾ ਦੀ ਅਗਵਾਈ ਵਾਲੀਆਂ ਨਾਟੋ ਫੌਜੀ ਟੁਕੜੀਆਂ ਵਿੱਚ ਲੱਗਭਗ 2,000 ਸੈਨਿਕ ਹੋਣਗੇ, ਜਿਨ੍ਹਾਂ ਵਿੱਚੋਂ 700 ਕੈਨੇਡੀਅਨ ਹੋਣਗੇ। ਇਹ ਫੌਜੀ ਟੁਕੜੀ ਅੱਠ ਅਜਿਹੀਆਂ ਯੂਨਿਟ ਵਿੱਚੋਂ ਇੱਕ ਹੋਵੇਗੀ ਜਿਹੜੀ ਪੂਰਬੀ ਯੂਰਪ ਵਿੱਚ ਸਥਿਤ ਹੋਵੇਗੀ ਤੇ ਕਿਸੇ ਵੀ ਤਰ੍ਹਾਂ ਦੇ ਰੂਸੀ ਹਮਲੇ ਨੂੰ ਰੋਕਣ ਤੇ ਉਸ ਨੂੰ ਨਾਕਾਮ ਕਰਨ ਲਈ ਪੂਰੀ ਤਰ੍ਹਾਂ ਲੈਸ ਹੋਵੇਗੀ।
ਜਿ਼ਕਰਯੋਗ ਹੈ ਕਿ ਬੁੱਧਵਾਰ ਨੂੰ ਨਾਟੋ ਸਿਖਰ ਵਾਰਤਾ ਦੌਰਾਨ ਵੱਖਰੇ ਤੌਰ ਉੱਤੇ ਕੀਤੇ ਗਏ ਇੱਕ ਸਮਝੌਤੇ ਤਹਿਤ ਕੈਨੇਡਾ ਨੇ ਜੰਗ ਵਿੱਚ ਲੜਨ ਵਾਲੇ ਇੱਕ ਗਰੁੱਪ ਨੂੰ ਬ੍ਰਿਗੇਡ ਵਜੋਂ ਅਪਗ੍ਰੇਡ ਕਰਨ ਦਾ ਵਾਅਦਾ ਕੀਤਾ। ਜਿਸ ਤਹਿਤ ਹੋਰ ਸੈਨਿਕਾਂ ਨੂੰ ਭੇਜਣ ਤੇ ਹੋਰ ਸਾਜ਼ੋ ਸਮਾਨ ਮੁਹੱਈਆ ਕਰਵਾਉਣ ਦਾ ਤਹੱਈਆ ਪ੍ਰਗਟਾਇਆ ਗਿਆ।
ਹਾਲਾਂਕਿ ਇਸ ਦੌਰਾਨ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਆਖਿਆ ਕਿ ਹਾਲ ਦੀ ਘੜੀ ਇਹ ਆਖਣਾ ਜਲਦਬਾਜ਼ੀ ਹੋਵੇਗੀ ਕਿ ਕੈਨੇਡਾ ਹਥਿਆਰਬੰਦ ਸੈਨਾਵਾਂ ਦੇ ਹੋਰ ਮੈਂਬਰ ਤਾਇਨਾਤ ਕਰੇਗਾ ਪਰ ਵੀਰਵਾਰ ਨੂੰ ਟਰੂਡੋ ਨੇ ਇੱਕ ਨਿਊਜ਼ ਕਾਨਫਰੰਸ ਦਰਮਿਆਨ ਇਹ ਵਚਨਬੱਧਤਾ ਪ੍ਰਗਟਾਅ ਦਿੱਤੀ ਕਿ ਕੈਨੇਡਾ ਹੋਰ ਸੈਨਿਕ ਤਾਇਨਾਤ ਕਰੇਗਾ।
ਟਰੂਡੋ ਨੇ ਹੋਰ ਕੈਨੇਡੀਅਨ ਸੈਨਿਕ ਲੈਟਵੀਆ ਭੇਜਣ ਦਾ ਕੀਤਾ ਵਾਅਦਾ
