ਓਟਵਾ: ਕੈਨੇਡਾ ਆਉਣ ਵਾਲੇ ਟਰੈਵਲਰਜ਼ ਲਈ ਇੱਕ ਵਾਰੀ ਫਿਰ ਫੈਡਰਲ ਸਰਕਾਰ ਵੱਲੋਂ ਅਚਨਚੇਤੀ ਕੋਵਿਡ-19 ਟੈਸਟਿੰਗ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦੀ ਸ਼ੁਰੂਆਤ 19 ਜੁਲਾਈ ਤੋਂ ਹੋਵੇਗੀ।
ਇੱਕ ਮਹੀਨੇ ਤੱਕ ਇਸ ਮਾਪਦੰਡ ਨੂੰ ਰੋਕੀ ਰੱਖਣ ਤੋਂ ਬਾਅਦ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ (ਪੀਐਚਏਸੀ) ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਦੇਸ਼ ਦੇ ਚਾਰ ਮੁੱਖ ਕੈਨੇਡੀਅਨ ਏਅਰਪੋਰਟਸ : ਵੈਨਕੂਵਰ, ਕੈਲਗਰੀ, ਮਾਂਟਰੀਅਲ ਤੇ ਟੋਰਾਂਟੋ ਪਹੁੰਚਣ ਵਾਲੇ ਤੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਏਅਰ ਟਰੈਵਲਰਜ਼ ਦਾ ਅਚਨਚੇਤੀ ਕੋਵਿਡ-19 ਟੈਸਟ ਕੀਤਾ ਜਾ ਸਕਦਾ ਹੈ।
ਇਹ ਟੈਸਟਿੰਗ ਦੋ ਤਰ੍ਹਾਂ ਹੋ ਸਕੇਗੀ, ਇੱਕ ਤਾਂ ਚੋਣਵੀਆਂ ਲੋਕੇਸ਼ਨਜ਼ ਤੇ ਫਾਰਮੇਸੀਜ਼ ਉੱਤੇ ਇਨ ਪਰਸਨ ਅਪੁਆਂਇੰਟਮੈਂਟਸ ਰਾਹੀਂ ਤੇ ਦੂਜਾ ਵਰਚੂਅਲ ਅਪੁਆਇੰਟਮੈਂਟਸ ਤੇ ਸੈਲਫ ਸਵੈਬ ਰਾਹੀਂ ਹੋ ਸਕੇਗੀ। ਐਰਾਈਵਕੈਨ ਐਪ ਵੱਲੋਂ ਕਿਸੇ ਵੀ ਟਰੈਵਲਰ ਦੀ ਚੋਣ ਇਸ ਟੈਸਟਿੰਗ ਲਈ ਕੀਤੀ ਜਾ ਸਕਦੀ ਹੈ ਤੇ ਟਰੈਵਲਰਜ਼ ਨੂੰ ਆਪਣੇ ਕਸਟਮਜ਼ ਡੈਕਲੇਰੇਸ਼ਨ ਭਰਨ ਤੋਂ 15 ਮਿੰਟ ਦੇ ਅੰਦਰ ਅੰਦਰ ਈਮੇਲ ਹਾਸਲ ਹੋਵੇਗੀ, ਜਿਸ ਵਿੱਚ ਇਹ ਦੱਸਿਆ ਗਿਆ ਹੋਵੇਗਾ ਕਿ ਉਹ ਆਪਣਾ ਟੈਸਟ ਕਿਸ ਤਰ੍ਹਾਂ ਕਰ ਜਾਂ ਕਰਵਾ ਸਕਦੇ ਹਨ।
ਇਹ ਅਚਨਚੇਤੀ ਕੀਤੀ ਜਾਣ ਵਾਲੀ ਟੈਸਟਿੰਗ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰਜ਼ ਉੱਤੇ ਹੀ ਲਾਗੂ ਹੋਵੇਗੀ। ਜਿਨ੍ਹਾਂ ਟਰੈਵਲਰਜ਼ ਦੀ ਵੈਕਸੀਨੇਸ਼ਨ ਨਹੀਂ ਹੋਈ ਉਨ੍ਹਾਂ ਨੂੰ 14 ਦਿਨਾਂ ਲਈ ਕੁਆਰਨਟੀਨ ਹੋਣਾ ਪਵੇਗਾ ਤੇ ਇਸ ਅਰਸੇ ਦੌਰਾਨ ਪਹਿਲੇ ਤੇ ਅੱਠਵੇਂ ਦਿਨ ਟੈਸਟ ਕਰਵਾਉਣਾ ਹੋਵੇਗਾ। ਜੇ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਟਰੈਵਲਰ ਦਾ ਟੈਸਟ ਪਾਜ਼ੀਟਿਵ ਆਉਂਦਾ ਹੈ ਤਾਂ ਉਸ ਨੂੰ 10 ਦਿਨ ਲਈ ਆਈਸੋਲੇਟ ਹੋਣਾ ਹੋਵੇਗਾ। ਸਰਕਾਰ ਨੇ ਇਹ ਵੀ ਆਖਿਆ ਕਿ ਕੈਨੇਡਾ ਵਿੱਚ ਜ਼ਮੀਨੀ ਰਸਤੇ ਰਾਹੀਂ ਦਾਖਲ ਹੋਣ ਵਾਲੇ ਬਾਰਡਰ ਪੁਆਇੰਟ ਉੱਤੇ ਵੀ ਇਹ ਅਚਨਚੇਤੀ ਟੈਸਟਿੰਗ ਜਾਰੀ ਰਹੇਗੀ।
ਏਅਰ ਟਰੈਵਲਰਜ਼ ਲਈ 19 ਜੁਲਾਈ ਤੋਂ ਮੁੜ ਸ਼ੁਰੂ ਹੋਵੇਗੀ ਅਚਨਚੇਤੀ ਕੋਵਿਡ-19 ਟੈਸਟਿੰਗ
