ਸਰ੍ਹੀ, ਬੀਸੀ: 1985 ਵਿੱਚ ਬੰਬ ਧਮਾਕੇ ਨਾਲ ਏਅਰ ਇੰਡੀਆ ਦੇ ਜਹਾਜ਼ ਨੂੰ ਉਡਾਉਣ ਦੇ ਮਾਮਲੇ ਵਿੱਚੋਂ ਬਰੀ ਹੋਏ ਰਿਪੁਦਮਨ ਸਿੰਘ ਮਲਿਕ ਨੂੰ ਸਰ੍ਹੀ, ਬੀਸੀ ਵਿੱਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਦੀ ਪੁਸ਼ਟੀ ਕਈ ਰਿਪੋਰਟਾਂ ਵਿੱਚ ਕੀਤੀ ਗਈ।
ਓਮਨੀ ਨਿਊਜ਼ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਮਲਿਕ ਦਾ ਪਰਿਵਾਰ ਵੀਰਵਾਰ ਸਵੇਰ ਨੂੰ ਉਸ ਸਮੇਂ ਮੌਕੇ ਉੱਤੇ ਹੀ ਮੌਜੂਦ ਸੀ ਜਦੋਂ ਸਵੇਰੇ 9:30 ਵਜੇ ਨਿਊਟਨ ਇਲਾਕੇ ਵਿੱਚ ਗੋਲੀ ਮਾਰ ਕੇ ਕਿਸੇ ਵਿਅਕਤੀ ਨੂੰ ਮਾਰਨ ਦੀ ਖਬਰ ਨਸ਼ਰ ਹੋਈ। ਆਰਸੀਐਮਪੀ ਅਨੁਸਾਰ ਪੁਲਿਸ ਅਧਿਕਾਰੀਆਂ ਨੂੰ 82 ਐਵਨਿਊ ਨੇੜੇ 128 ਸਟਰੀਟ ਉੱਤੇ ਗੋਲੀਆਂ ਚੱਲਣ ਦੀ ਰਿਪੋਰਟ ਦੇ ਕੇ ਸੱਦਿਆ ਗਿਆ। ਪੁਲਿਸ ਨੂੰ ਉੱਥੇ ਇੱਕ ਵਿਅਕਤੀ ਜ਼ਖ਼ਮੀ ਹਾਲਤ ਵਿੱਚ ਮਿਲਿਆ।
ਪੈਰਾਮੈਡਿਕਸ ਦੇ ਪਹੁੰਚਣ ਤੋਂ ਪਹਿਲਾਂ ਪੁਲਿਸ ਅਧਿਕਾਰੀਆਂ ਵੱਲੋਂ ਫਰਸਟ ਏਡ ਵੀ ਦਿੱਤੀ ਗਈ ਪਰ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਹੋਇਆਂ ਵਿਅਕਤੀ ਦਮ ਤੋੜ ਗਿਆ। ਆਰਸੀਐਮਪੀ ਨੇ ਆਖਿਆ ਕਿ ਇਹ ਸ਼ੂਟਿੰਗ ਇਸ ਵਿਅਕਤੀ ਨੂੰ ਨਿਸ਼ਾਨਾ ਬਣਾਉਣ ਲਈ ਹੀ ਕੀਤੀ ਗਈ। ਜਾਂਚਕਾਰਾਂ ਨੂੰ ਇੱਕ ਵ੍ਹੀਕਲ ਨੇੜੇ ਹੀ 120 ਸਟਰੀਟ ਦੇ ਪੂਰਬ ਵਿੱਚ 82 ਐਵਨਿਊ ਏਰੀਆ ਵਿੱਚ ਮਿਲਿਆ, ਜਿਸ ਨੂੰ ਅੱਗ ਲੱਗੀ ਹੋਈ ਸੀ।
ਅਜੇ ਤੱਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਪੁਲਿਸ ਨੇ ਆਖਿਆ ਕਿ ਮਸ਼ਕੂਕ ਜਾਂ ਮਸ਼ਕੂਕਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋਣ ਲਈ ਕਿਸੇ ਹੋਰ ਗੱਡੀ ਦੀ ਵਰਤੋਂ ਜ਼ਰੂਰ ਕੀਤੀ ਹੋਵੇਗੀ। ਮਾਮਲੇ ਦੀ ਜਾਂਚ ਦਾ ਕੰਮ ਇੰਟੇਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਆਪਣੇ ਹੱਥ ਲੈ ਲਿਆ ਹੈ।
ਜਿ਼ਕਰਯੋਗ ਹੈ ਕਿ 23 ਜੂਨ, 1985 ਨੂੰ 280 ਕੈਨੇਡੀਅਨਜ਼, ਜਿਨ੍ਹਾਂ ਵਿੱਚ 86 ਬੱਚੇ ਵੀ ਸਨ, ਏਅਰ ਇੰਡੀਆਂ ਦੀ ਫਲਾਈਟ 182 ਨੂੰ ਬੰਬ ਨਾਲ ਉਡਾ ਦਿੱਤੇ ਜਾਣ ਕਾਰਨ ਮਾਰੇ ਗਏ।ਇਹ ਜਹਾਜ਼ ਟੋਰਾਂਟੋ ਤੋਂ ਲੰਡਨ ਜਾ ਰਿਹਾ ਸੀ ਤੇ ਆਇਰਲੈਂਡ ਕੋਲ ਇਸ ਵਿੱਚ ਧਮਾਕਾ ਹੋਇਆ ਤੇ ਜਹਾਜ਼ ਵਿੱਚ ਸਵਾਰ ਸਾਰੇ 329 ਲੋਕ ਮਾਰੇ ਗਏ। ਬਾਅਦ ਵਿੱਚ ਇਹ ਖੁਲਾਸਾ ਹੋਇਆ ਕਿ ਬੰਬ ਧਮਾਕੇ ਦੀ ਇਹ ਸਾਜਿ਼ਸ਼ ਕੈਨੇਡਾ ਦੀ ਧਰਤੀ ਉੱਤੇ ਹੀ ਹੋਈ।
ਇਸ ਬੰਬ ਧਮਾਕੇ ਦੇ ਸਬੰਧ ਵਿੱਚ ਇੰਦਰਜੀਤ ਸਿੰਘ ਰਿਆਤ ਹੀ ਅਜਿਹਾ ਸ਼ਖਸ ਸੀ ਜਿਸ ਨੂੰ ਦੋਸ਼ੀ ਦੱਸਿਆ ਗਿਆ। 2010 ਵਿੱਚ ਉਸ ਨੂੰ ਮਲਿਕ ਦੇ ਮਾਮਲੇ ਦੀ ਸੁਣਵਾਈ ਵਿੱਚ ਵਾਰੀ ਵਾਰੀ ਝੂਠ ਬੋਲਣ ਤੇ ਬਿਆਨ ਬਦਲਣ ਕਾਰਨ 9 ਸਾਲ ਦੀ ਸਜ਼ਾ ਸੁਣਾਈ ਗਈ। 2016 ਵਿੱਚ ਰਿਆਤ ਜੇਲ੍ਹ ਵਿੱਚੋਂ ਰਿਹਾਅ ਹੋ ਗਿਆ।ਵਾਰੀ ਵਾਰੀ ਝੂਠ ਬੋਲਣ ਦੇ ਮਾਮਲੇ ਵਿੱਚ ਸਜ਼ਾ ਦਿੱਤੇ ਜਾਣ ਤੋਂ ਪਹਿਲਾਂ ਰਿਆਤ ਨੂੰ ਬੰਬ ਧਮਾਕੇ ਲਈ ਦੋਸ਼ੀ ਕਰਾਰ ਦਿੱਤਾ ਗਿਆ ਸੀ।