ਅਗਨੀਪਥ: ਜਾਤ ਨੂੰ ‘ਆਧਾਰ’ ਬਣਾਉਣ ਤੋਂ ਵਿਵਾਦ

ਨਵੀਂ ਦਿੱਲੀ: ਵਿਰੋਧੀ ਪਾਰਟੀਆਂ ਅਤੇ ਭਾਜਪਾ ਦੇ ਇਕ ਭਾਈਵਾਲ ਨੇ ਅੱਜ ਦਾਅਵਾ ਕੀਤਾ ਕਿ ਥਲ ਸੈਨਾ ਵੱਲੋਂ ਅਗਨੀਪਥ ਸਕੀਮ ਤਹਿਤ ਭਰਤੀ ਲਈ ਜਾਤ ਨੂੰ ‘ਆਧਾਰ’ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਫੌਜ ਵਿੱਚ ਰਾਖਵਾਂਕਰਨ ਦੀ ਵਿਵਸਥਾ ਨਹੀਂ ਹੈ ਤਾਂ ਫਿਰ ਜਾਤ ਜਾਂ ਧਰਮ ਪੁੱਛਣ ਦੀ ਕੀ ਤੁਕ ਹੈ। ਉਧਰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਨ੍ਹਾਂ ਦੋਸ਼ਾਂ ਨੂੰ ‘ਅਫ਼ਵਾਹ’ ਦੱਸ ਕੇ ਖਾਰਜ ਕਰ ਦਿੱਤਾ ਹੈ। ਰਾਸ਼ਟਰੀ ਜਨਤਾ ਦਲ (ਆਰਜੇਡੀ) ਆਗੂ ਤੇਜਸਵੀ ਯਾਦਵ ਤੇ ਆਮ ਆਦਮੀ ਪਾਰਟੀ ਦੇ ਸੰਜੈ ਸਿੰਘ ਨੇ ਜਿੱਥੇ ਸਰਕਾਰ ’ਤੇ ਤਿੱਖੇ ਹਮਲੇ ਕੀਤੇ, ਉਥੇ ਜੇਡੀ(ਯੂ) ਆਗੂ ਉਪੇਂਦਰ ਕੁਸ਼ਵਾਹਾ ਤੇ ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਟਵੀਟ ਕਰਕੇ ਭਰਤੀ ਅਮਲ ਨਾਲ ਜੁੜੇ ਕੁਝ ਦਸਤਾਵੇਜ਼ ਟੈਗ ਕੀਤੇ ਹਨ, ਜਿਸ ਵਿੱਚ ਜਾਤ ਸਰਟੀਫਿਕੇਟ ਦੀ ਲੋੜ ਨੂੰ ਲੈ ਕੇ ਸਵਾਲ ਚੁੱਕਦਿਆਂ ਫ਼ਿਕਰ ਜ਼ਾਹਰ ਕੀਤਾ ਗਿਆ ਹੈ। ਹਾਲਾਂਕਿ ਸੱਤਾਧਾਰੀ ਭਾਜਪਾ ਨੇ ਦੋਸ਼ ਲਾਇਆ ਕਿ ਆਲੋਚਕਾਂ ਵੱਲੋਂ ਫ਼ੌਜ ਦਾ ‘ਅਪਮਾਨ’ ਕਰਨ ਤੋਂ ਇਲਾਵਾ ਇਸ ਦਾ ‘ਮਹੱਤਵ’ ਘਟਾਇਆ ਜਾ ਰਿਹਾ ਹੈ। ਭਾਜਪਾ ਨੇ ਕਿਹਾ ਕਿ ਨੌਜਵਾਨਾਂ ਨੂੰ ਸੜਕਾਂ ’ਤੇ ਉਤਰਨ ਲਈ ਉਕਸਾਇਆ ਜਾ ਰਿਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਦੇ ਬਾਹਰ ਪੱਤਰਕਾਰਾਂ ਨੂੰ ਦੱਸਿਆ, ‘‘ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਅਫ਼ਵਾਹ ਹੈ। ਭਰਤੀ ਲਈ ਦੇਸ਼ ਆਜ਼ਾਦੀ ਤੋਂ ਪਹਿਲਾਂ ਵਾਲਾ ਪ੍ਰਬੰਧ ਅੱਜ ਵੀ ਜਾਰੀ ਹੈ ਤੇ ਇਸ ਵਿੱਚ ਕੋਈ ਫੇਰਬਦਲ ਨਹੀਂ ਕੀਤਾ ਗਿਆ ਹੈ।’’ ਭਾਜਪਾ ਤਰਜਮਾਨ ਸੰਬਿਤ ਪਾਤਰਾ ਨੇ ਜ਼ੋਰ ਦੇ ਕੇ ਆਖਿਆ ਕਿ ਥਲ ਸੈਨਾ ਦਾ ਭਰਤੀ ਅਮਲ ਆਜ਼ਾਦੀ ਤੋਂ ਪਹਿਲਾਂ ਦਾ ਹੈ। 1947 ਮਗਰੋਂ ‘ਵਿਸ਼ੇਸ਼ ਆਰਮੀ ਆਰਡਰ’ ਰਾਹੀਂ ਇਸ ਨੂੰ ਕਾਨੂੰਨ ਦੀ ਸ਼ਕਲ ਦਿੱਤੀ ਗਈ ਸੀ ਤੇ ਉਦੋਂ ਤੋਂ ਇਹ ਮਸ਼ਕ ਉਸੇ ਤਰ੍ਹਾਂ ਜਾਰੀ ਹੈ। ਪਾਤਰਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਥਲ ਸੈਨਾ ਨੇ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਮੌਕੇ ਸਾਲ 2013 ਵਿੱਚ ਇਕ ਜਨਹਿਤ ਪਟੀਸ਼ਨ ਦੇ ਜਵਾਬ ਵਿੱਚ ਹਲਫ਼ਨਾਮਾ ਦਾਇਰ ਕੀਤਾ ਸੀ ਕਿ ਜਾਤ ਜਾਂ ਧਰਮ ਦਾ ਇਸ ਦੇ ਭਰਤੀ ਅਮਲ ਵਿੱਚ ਕੋਈ ਭੂਮਿਕਾ ਨਹੀਂ ਹੈ ਤੇ ਪ੍ਰਸ਼ਾਸਨਿਕ ਕਾਰਨਾਂ ਕਰਕੇ ਉਮੀਦਵਾਰਾਂ ਤੋਂ ਉਨ੍ਹਾਂ ਦੀ ਜਾਤ ਜਾਂ ਧਰਮ ਬਾਰੇ ਪੁੱਛਿਆ ਜਾਂਦਾ ਹੈ। ਇਸ ਤੋਂ ਪਹਿਲਾਂ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਕਿਹਾ ਸੀ ਕਿ ਕਥਿਤ ‘ਕੇਂਦਰ ਵਿੱਚ ਸੰਘ (ਆਰਐੱਸਐੱਸ) ਦੀ ਬੇਹਦ ਜਾਤੀਗਤ ਸਰਕਾਰ’ ਦੀ ਨਜ਼ਰ ਹੁਣ ਜਾਤ ਤੇ ਧਰਮ ਅਧਾਰਿਤ ਅਗਨੀਪਥ ਰੰਗਰੂਟਾਂ ’ਤੇ ਹੈ, ਜਦੋਂਕਿ ਇਨ੍ਹਾਂ ਵਿਚੋਂ 75 ਫੀਸਦ ਨੂੰ ਮਗਰੋਂ ਘਰ ਭੇਜ ਦਿੱਤਾ ਜਾਵੇਗਾ। ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ, ‘‘ਜਦੋਂ ਫੌਜ ਵਿੱਚ ਕੋਈ ਰਾਖਵਾਂਕਰਨ ਨਹੀਂ ਹੈ ਤਾਂ ਫਿਰ ਜਾਤ ਸਰਟੀਫਿਕੇਟ ਦੀ ਕੀ ਲੋੜ ਹੈ।’’ ਯਾਦਵ ਨੇ ਕਿਹਾ, ‘‘ਆਰਐੱਸਐੱਸ ਦੀ ਭਾਜਪਾ ਸਰਕਾਰ ਜਾਤੀ ਅਧਾਰਿਤ ਜਨਗਣਨਾ ਤੋਂ ਭੱਜਦੀ ਹੈ, ਪਰ ਦੇਸ਼ ਲਈ ਜਾਨਾਂ ਵਾਰਨ ਵਾਲੇ ਅਗਨੀਵੀਰਾਂ ਤੋਂ ਉਨ੍ਹਾਂ ਦੀ ਜਾਤ ਬਾਰੇ ਪੁੱਛਦੀ ਹੈ।’’ ‘ਆਪ’ ਦੇ ਸੰਜੈ ਸਿੰਘ ਨੇ ਟਵੀਟ ਕੀਤਾ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੈ ਜਦੋਂ ਉਮੀਦਵਾਰਾਂ ਨੂੰ ਫੌਜ ਦੀ ਭਰਤੀ ਵਿੱਚ ਆਪਣੀ ਜਾਤ ਦਾ ਜ਼ਿਕਰ ਕਰਨਾ ਪੈ ਰਿਹੈ। ਸਿੰਘ ਨੇ ਸਵਾਲ ਕੀਤਾ ਕਿ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਲਿਤਾਂ, ਪੱਛੜਿਆਂ ਤੇ ਕਬਾਇਲੀਆਂ ਨੂੰ ਹਥਿਆਰਬੰਦ ਬਲਾਂ ਵਿੱਚ ਸੇੇਵਾਵਾਂ ਕਰਨ ਦੇ ਯੋਗ ਨਹੀਂ ਸਮਝਦੇ। ‘ਆਪ’ ਆਗੂ ਨੇ ਕਿਹਾ, ‘‘ਮੋਦੀ ਸਰਕਾਰ ਦਾ ਘਟੀਆ ਚਿਹਰਾ ਲੋਕਾਂ ਸਾਹਮਣੇ ਆ ਗਿਆ ਹੈ…ਮੋਦੀ ਜੀ, ਤੁਸੀਂ ਅਗਨੀਵੀਰ ਬਣਾਉਣੇ ਹਨ ਜਾਂ ‘ਜਾਤੀਵੀਰ’।’

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat