ਓਨਟਾਰੀਓ: ਐਨਵਾਇਰਮੈਂਟ ਕੈਨੇਡਾ ਵੱਲੋਂ ਮੰਗਲਵਾਰ ਨੂੰ ਓਨਟਾਰੀਓ, ਮੈਨੀਟੋਬਾ, ਸਸਕੈਚਵਨ ਤੇ ਕਿਊਬਿਕ ਲਈ ਹੀਟ ਵਾਰਨਿੰਗ ਜਾਰੀ ਕੀਤੀ ਗਈ।
ਐਨਵਾਇਰਮੈਂਟ ਕੈਨੇਡਾ ਨੇ ਆਖਿਆ ਕਿ ਓਨਟਾਰੀਓ ਦੇ ਉੱਤਰਪੱਛਮੀ ਤੇ ਉੱਤਰਪੂਰਬੀ ਹਿੱਸਿਆਂ ਵਿੱਚ ਤਾਪਮਾਨ ਦੇ 30 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਉਮੀਦ ਹੈ। ਹਵਾ ਵਿੱਚ ਨਮੀ ਹੋਣ ਕਾਰਨ ਇਹ ਤਾਪਮਾਨ 30 ਡਿਗਰੀ ਤੋਂ ਉੱਪਰ ਮਹਿਸੂਸ ਹੋ ਸਕਦਾ ਹੈ।ਓਨਟਾਰੀਓ ਦੇ ਦੱਖਣਪੱਛਮੀ ਤੇ ਦੱਖਣਪੂਰਬੀ ਹਿੱਸਿਆਂ ਵਿੱਚ ਵੀ ਇਹੋ ਸਥਿਤੀ ਬਣੇ ਰਹਿਣ ਦੀ ਸੰਭਾਵਨਾ ਹੈ।
ਇਸ ਹੀਟ ਵਾਰਨਿੰਗ ਦੇ ਚੱਲਦਿਆਂ ਲੋਕਾਂ ਨੂੰ ਠੰਡਾ ਰੱਖਣ ਲਈ ਸਿਟੀ ਆਫ ਟੋਰਾਂਟੋ ਵੱਲੋਂ ਸੱਤ ਪੂਲਜ਼ ਨੂੰ ਅੱਧੀ ਰਾਤ ਤੱਕ ਖੁੱਲ੍ਹਾ ਰੱਖਿਆ ਜਾਵੇਗਾ। ਉੱਤਰੀ ਮੈਨੀਟੋਬਾ ਵਿੱਚ ਵੀ ਹੀਟ ਵਾਰਨਿੰਗ ਜਾਰੀ ਰਹਿਣ ਦੀ ਸੰਭਾਵਨਾ ਹੈ।ਐਨਵਾਇਰਮੈਂਟ ਕੈਨੇਡਾ ਵੱਲੋਂ ਲਿਟਨ, ਬੀਸੀ ਦੇ ਆਲੇ ਦੁਆਲੇ ਦੇ ਇਲਾਕੇ ਲਈ ਵੀ ਏਅਰ ਕੁਆਲਿਟੀ ਬਿਆਨ ਜਾਰੀ ਕੀਤਾ ਗਿਆ ਹੈ। ਇੱਥੇ ਜੰਗਲ ਦੀ ਅੱਗ 20 ਸਕੁਏਅਰ ਕਿਲੋਮੀਟਰ ਤੱਕ ਫੈਲੀ ਹੋਈ ਹੈ।
ਸਸਕੈਚਵਨ ਵਿੱਚ ਹੀਟ ਵਾਰਨਿੰਗ ਸੈਂਟਰਲ ਤੇ ਉੱਤਰੀ ਰੀਜਨ ਲਈ ਜਾਰੀ ਕੀਤੀ ਗਈ ਹੈ। ਸਸਕੈਚਵਨ ਦੇ ਕਈ ਹਿੱਸਿਆਂ ਵਿੱਚ ਐਤਵਾਰ ਨੂੰ ਗੜੇਮਾਰੀ ਹੋਈ ਤੇ ਭਾਰੀ ਮੀਂਹ ਪਏ।ਸੋਮਵਾਰ ਰਾਤਭਰ ਪਏ ਮੀਂਹ ਕਾਰਨ ਰੇਜਾਈਨਾ ਦੇ ਕਈ ਹਿੱਸਿਆਂ ਵਿੱਚ ਹੜ੍ਹ ਆ ਗਏ। ਹੀਟ ਤੇ ਨਮੀ ਕਾਰਨ ਦੱਖਣੀ ਕਿਊਬਿਕ ਦੇ ਕਈ ਹਿੱਸਿਆਂ ਵਿੱਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਵੀ ਵੱਧ ਮਹਿਸੂਸ ਹੋਇਆ।
ਚਾਰ ਪ੍ਰੋਵਿੰਸਾਂ ਲਈ ਜਾਰੀ ਕੀਤੀ ਗਈ ਹੀਟ ਵਾਰਨਿੰਗ
