ਬ੍ਰਿਟਿਸ਼ ਕੋਲੰਬੀਆ: ਹਾਕੀ ਕੈਨੇਡਾ ਦੀ ਨਿਖੇਧੀ ਕਰਦੇ ਸਮੇਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਸ਼ਬਦਾਂ ਨੂੰ ਮਿੱਠੀ ਚਾਸ਼ਨੀ ਵਿੱਚ ਲਪੇਟਣ ਦੀ ਕੋਸਿ਼ਸ਼ ਵੀ ਨਹੀਂ ਕੀਤੀ, ਬੱਸ ਉਨ੍ਹਾਂ ਆਖਿਆ ਕਿ ਇਹ ਗੱਲ ਸਵੀਕਾਰਨਯੋਗ ਨਹੀਂ ਹੈ ਕਿ ਜਿਨਸੀ ਹਮਲੇ ਵਰਗੇ ਦਾਅਵਿਆਂ ਨੂੰ ਸੈਟਲ ਕਰਨ ਲਈ ਹਾਕੀ ਕੈਨੇਡਾ ਕੋਲ ਬਾਕਾਇਦਾ ਇੱਕ ਫੰਡ ਹੈ।
ਮੰਗਲਵਾਰ ਨੂੰ ਬੋਵਨ ਆਈਲੈਂਡ, ਬੀਸੀ ਉੱਤੇ ਪ੍ਰਸ਼ਨਾਂ ਦੇ ਜਵਾਬ ਦਿੰਦਿਆਂ ਟਰੂਡੋ ਨੇ ਆਖਿਆ ਕਿ ਇਸ ਤੋਂ ਬਾਅਦ ਇਹ ਵੇਖਣਾ ਮੁਸ਼ਕਲ ਹੋਵੇਗਾ ਕਿ ਸਾਡੇ ਦੇਸ਼ ਵਿੱਚ ਕਿਸੇ ਨੂੰ ਵੀ ਹਾਕੀ ਕੈਨੇਡਾ ਉੱਤੇ ਯਕੀਨ ਕਿਵੇਂ ਹੋ ਸਕਦਾ ਹੈ। ਉਨ੍ਹਾਂ ਆਖਿਆ ਕਿ ਉਹ ਸਮਝ ਸਕਦੇ ਹਨ ਕਿ ਸਾਡੀ ਸਰਦ ਰੁੱਤ ਦੀ ਖੇਡ ਪ੍ਰਤੀ ਕਈ ਮਾਪੇ ਤੇ ਕੈਨੇਡੀਅਨ ਕਿੰਨਾ ਮਾਣ ਕਰਦੇ ਹਨ ਤੇ ਜੋ ਕੁੱਝ ਹੁਣ ਵਾਪਰ ਰਿਹਾ ਹੈ ਉਸ ਕਾਰਨ ਉਨ੍ਹਾਂ ਨੂੰ ਕਿੰਨੀ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਟਰੂਡੋ ਦੀਆਂ ਇਹ ਟਿੱਪਣੀਆਂ ਉਸ ਸਮੇਂ ਆਈਆਂ ਜਦੋਂ ਇਹ ਪਤਾ ਲੱਗਿਆ ਕਿ ਖਿਡਾਰੀਆਂ ਦੀ ਰਜਿਸਟ੍ਰੇਸ਼ਨ ਫੀਸ ਰਾਹੀਂ ਵਿੱਤੀ ਮਦਦ ਨਾਲ ਬਹੁ ਕਰੋੜੀ ਫੰਡ ਉਚੇਚੇ ਤੌਰ ਉੱਤੇ ਰੱਖਿਆ ਗਿਆ ਹੈ ਜਿਸ ਦੀ ਵਰਤੋਂ ਇੰਸ਼ੋਰੈਂਸ ਕੰਪਨੀ ਦੀ ਸ਼ਮੂਲੀਅਤ ਤੋਂ ਬਿਨਾਂ ਜਿਨਸੀ ਹਮਲੇ ਵਰਗੇ ਕਥਿਤ ਮਾਮਲਿਆਂ ਨੂੰ ਸੈਟਲ ਕਰਨ ਲਈ ਕੀਤੀ ਜਾਂਦੀ ਰਹੀ ਹੈ। ਇੱਥੇ ਹੀ ਬੱਸ ਨਹੀਂ ਇਸ ਲਈ ਕਿਸੇ ਦੀ ਜਵਾਬਦੇਹੀ ਵੀ ਤੈਅ ਨਹੀਂ ਹੈ।
ਇਹ ਵੀ ਪਤਾ ਲੱਗਿਆ ਹੈ ਕਿ ਇਹ ਰਾਖਵਾਂ ਫੰਡ ਪਿਛਲੇ ਕੁੱਝ ਸਾਲਾਂ ਵਿੱਚ 15 ਮਿਲੀਅਨ ਡਾਲਰ ਤੋਂ ਵੀ ਟੱਪ ਚੁੱਕਿਆ ਹੈ ਪਰ ਹਾਕੀ ਕੈਨੇਡਾ ਦੀ ਸਾਲਾਨਾ ਰਿਪੋਰਟ ਵਿੱਚ ਇਹ ਵੇਰਵਾ ਨਹੀਂਂ ਦਿੱਤਾ ਗਿਆ ਕਿ ਇਸ ਫੰਡ ਨੂੰ ਆਪਰੇਟ ਕਿਵੇਂ ਕੀਤਾ ਜਾਂਦਾ ਹੈ। ਟਰੂਡੋ ਨੇ ਆਖਿਆ ਕਿ ਮਈ ਵਿੱਚ ਇਸ ਤਰ੍ਹਾਂ ਦੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਨੇ ਹਾਕੀ ਕੈਨੇਡਾ ਲਈ ਫੰਡ ਰੋਕ ਦਿੱਤੇ ਸਨ। ਪਿਛਲੇ ਮਹੀਨੇ ਵੀ ਕਈ ਕਾਰਪੋਰੇਸ਼ਨਜ਼ ਵੱਲੋਂ ਹੱਥ ਪਿੱਛੇ ਖਿੱਚ ਲਏ ਜਾਣ ਤੋਂ ਬਾਅਦ ਕਈ ਫੰਡ ਰੋਕ ਦਿੱਤੇ ਗਏ।
ਜਿਨਸੀ ਹਮਲੇ ਵਰਗੇ ਦਾਅਵਿਆਂ ਨੂੰ ਸੈਟਲ ਕਰਨ ਲਈ ਰੱਖੇ ਫੰਡ ਕਾਰਨ ਹਾਕੀ ਕੈਨੇਡਾ ਉੱਤੇ ਵਰ੍ਹੇ ਟਰੂਡੋ
