ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਭਾਜਪਾ ਵਿਚੋਂ ਮੁਅੱਤਲ ਪਾਰਟੀ ਤਰਜਮਾਨ ਨੂਪੁਰ ਸ਼ਰਮਾ ਨੂੰ ਪੈਗ਼ੰਬਰ ਮੁਹੰਮਦ ਉਤੇ ਕੀਤੀ ਗਈ ਟਿੱਪਣੀ ਦੇ ਮਾਮਲੇ ਵਿਚ ਅੰਤਰਿਮ ਰਾਹਤ ਦੇ ਦਿੱਤੀ ਹੈ। ਸਿਖ਼ਰਲੀ ਅਦਾਲਤ ਨੇ ਕਈ ਰਾਜਾਂ ਵਿਚ ਨੂਪੁਰ ਖ਼ਿਲਾਫ਼ ਦਰਜ ਐਫਆਈਆਰ/ਸ਼ਿਕਾਇਤਾਂ ਦੇ ਮਾਮਲਿਆਂ ਵਿਚ ਸਥਾਨਕ ਪ੍ਰਸ਼ਾਸਨ ਨੂੰ ਸਖ਼ਤ ਕਾਰਵਾਈ (ਗ੍ਰਿਫ਼ਤਾਰੀ) ਕਰਨ ਤੋਂ ਰੋਕ ਦਿੱਤਾ ਹੈ। ਇਸ ਤਰ੍ਹਾਂ ਨੂਪੁਰ ਦਾ ਫ਼ਿਲਹਾਲ ਗ੍ਰਿਫ਼ਤਾਰੀ ਤੋਂ ਬਚਾਅ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਉਸ ਨੇ ਇਹ ਟਿੱਪਣੀਆਂ ਇਕ ਟੀਵੀ ਪ੍ਰਸਾਰਨ ਦੌਰਾਨ 26 ਮਈ ਨੂੰ ਕੀਤੀਆਂ ਸਨ। ਸੁਪਰੀਮ ਕੋਰਟ ਨੇ ਭਵਿੱਖ ਵਿਚ ਦਰਜ ਹੋਣ ਵਾਲੀ ਕਿਸੇ ਵੀ ਐਫਆਈਆਰ ਦੇ ਮਾਮਲੇ ਵਿਚ ਵੀ ਉਸ ਨੂੰ ਅੰਤਰਿਮ ਰਾਹਤ ਦੇ ਦਿੱਤੀ ਹੈ। ਜਸਟਿਸ ਸੂਰਿਆਕਾਂਤ ਤੇ ਜਸਟਿਸ ਜੇਬੀ ਪਾਰਦੀਵਾਲਾ ਦੇ ਬੈਂਚ ਨੇ ਆਪਣੇ ਪਹਿਲੀ ਜੁਲਾਈ ਦੇ ਹੁਕਮ ਤੋਂ ਬਾਅਦ ਸ਼ਰਮਾ ਨੂੰ ਕਥਿਤ ਰੂਪ ’ਚ ਜਾਨ ਤੋਂ ਮਾਰਨ ਦੀ ਮਿਲੀ ਧਮਕੀ ਦਾ ਨੋਟਿਸ ਲੈਂਦਿਆਂ ਉਸ ਨੂੰ ਭਵਿੱਖੀ ਸ਼ਿਕਾਇਤਾਂ ਸਬੰਧੀ ਰਾਹਤ ਦਿੱਤੀ ਹੈ। ਇਹ ਜ਼ਿਕਰ ਕਰਦਿਆਂ ਕਿ ਸਿਖ਼ਰਲੀ ਅਦਾਲਤ ਇਹ ਕਦੇ ਨਹੀਂ ਚਾਹੁੰਦੀ ਸੀ ਕਿ ਸ਼ਰਮਾ ਨੂੰ ਰਾਹਤ ਲਈ ਹਰ ਅਦਾਲਤ ਦਾ ਰੁਖ਼ ਕਰਨਾ ਪਏ, ਬੈਂਚ ਨੇ ਉਸ ਦੀ ਗ੍ਰਿਫ਼ਤਾਰੀ ਤੋਂ ਰਾਹਤ ਬਾਰੇ ਦਾਇਰ ਪਟੀਸ਼ਨ ਉਤੇ ਕੇਂਦਰ ਤੇ ਦਿੱਲੀ ਸਰਕਾਰ, ਪੱਛਮੀ ਬੰਗਾਲ ਤੇ ਮਹਾਰਾਸ਼ਟਰ ਸਣੇ ਕਈ ਰਾਜਾਂ ਨੂੰ ਨੋਟਿਸ ਜਾਰੀ ਕੀਤਾ ਹੈ। ਇਨ੍ਹਾਂ ਤੋਂ 10 ਅਗਸਤ ਤੱਕ ਜਵਾਬ ਮੰਗਿਆ ਹੈ। ਨੂਪੁਰ ਨੇ ਐਫਆਈਆਰਜ਼ ਨੂੰ ਇਕ ਥਾਂ ਜੋੜਨ ਬਾਰੇ ਵਾਪਸ ਲਈ ਪਟੀਸ਼ਨ ਨੂੰ ਵੀ ਬਹਾਲ ਕਰਨ ਦੀ ਮੰਗ ਕੀਤੀ ਹੈ। ਬੈਂਚ ਮਾਮਲੇ ਵਿਚ ਅਗਲੀ ਸੁਣਵਾਈ ਹੁਣ 10 ਅਗਸਤ ਨੂੰ ਕਰੇਗਾ। ਨੂਪੁਰ ਸ਼ਰਮਾ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮਨਿੰਦਰ ਸਿੰਘ ਨੇ ਕਿਹਾ ਕਿ ਸਿਖ਼ਰਲੀ ਅਦਾਲਤ ਦੇ ਪਹਿਲੀ ਜੁਲਾਈ ਦੇ ਹੁਕਮ ਤੋਂ ਬਾਅਦ ਸ਼ਰਮਾ ਨੂੰ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਹ ਵੀ ਸਾਹਮਣੇ ਆਇਆ ਹੈ ਕਿ ਇਕ ਵਿਅਕਤੀ ਉਸ ਉਤੇ ਹਮਲਾ ਕਰਨ ਲਈ ਪਾਕਿਸਤਾਨ ਤੋਂ ਭਾਰਤ ਆ ਗਿਆ ਸੀ। ਵਕੀਲ ਨੇ ਨਾਲ ਹੀ ਕਿਹਾ, ‘ਜੋ ਹੋਣਾ ਸੀ ਉਹ ਹੋ ਚੁੱਕਾ ਹੈ। ਉਸ ਦੀ ਜਾਨ ਨੂੰ ਲਗਾਤਾਰ ਖ਼ਤਰਾ ਬਣਿਆ ਹੋਇਆ ਹੈ। ਇਹ ਸੰਵਿਧਾਨ ਦੀ ਧਾਰਾ 21 ਦਾ ਸਵਾਲ ਹੈ।’ ਇਸ ’ਤੇ ਅਦਾਲਤ ਦੇ ਬੈਂਚ ਨੇ ਕਿਹਾ, ‘ਅਸੀਂ ਕਦੇ ਵੀ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਵਿਚ ਨਹੀਂ ਪਾਉਣਾ ਚਾਹੁੰਦੇ।’ ਬੈਂਚ ਨੇ ਨਾਲ ਹੀ ਕਿਹਾ ਕਿ ਉਹ ਵਕੀਲ ਦੀਆਂ ਦਲੀਲਾਂ ਤੋਂ ਸਮਝ ਸਕਦੇ ਹਨ ਕਿ ਪਟੀਸ਼ਨਕਰਤਾ ਕਿਸੇ ਇਕ ਅਦਾਲਤ ਵਿਚ ਆਪਣਾ ਪੱਖ ਰੱਖਣ ਲਈ ਜਾਣਾ ਚਾਹੁੰਦੀ ਹੈ ਜਿਵੇਂ ਕਿ ਦਿੱਲੀ ਹਾਈ ਕੋਰਟ। ਵਕੀਲ ਨੇ ਕਿਹਾ ਕਿ ਅਜਿਹੀ ਸਥਿਤੀ ਵਿਚ ਉਹ ਸਾਰੀਆਂ ਐਫਆਈਆਰਜ਼ ਨੂੰ ਇਕ ਕਰਨ ਦੀ ਮੰਗ ਕਰਦੇ ਹਨ ਕਿਉਂਕਿ ਮੁੱਦਾ ਇਕੋ ਵੀਡੀਓ ਨਾਲ ਹੀ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਦਰਜ ਸ਼ਿਕਾਇਤ ਨਾਲ ਬਾਕੀ ਸ਼ਿਕਾਇਤਾਂ ਜੋੜੀਆਂ ਜਾ ਸਕਦੀਆਂ ਹਨ। ਇਸ ਉਤੇ ਬੈਂਚ ਨੇ ਕਿਹਾ ਕਿ ਅਦਾਲਤ ਪਟੀਸ਼ਨਕਰਤਾ ਨੂੰ ਕਾਨੂੰਨੀ ਉਪਾਅ ਤੋਂ ਵਾਂਝਾ ਨਹੀਂ ਕਰ ਸਕਦੀ। ਇਸ ਬਾਰੇ ਹੁਕਮ ਪਾਸ ਕੀਤਾ ਜਾਵੇਗਾ। ਸਿਖ਼ਰਲੀ ਅਦਾਲਤ ਦੇ ਇਸੇ ਬੈਂਚ ਨੇ ਪੈਗੰਬਰ ਉਤੇ ਟਿੱਪਣੀ ਲਈ ਪਹਿਲੀ ਜੁਲਾਈ ਨੂੰ ਸ਼ਰਮਾ ਦੀ ਕਰੜੀ ਆਲਚੋਨਾ ਕਰਦਿਆਂ ਕਿਹਾ ਸੀ ਕਿ ਨੂਪੁਰ ਨੇ ਆਪਣੀ ਜ਼ੁਬਾਨ ਨਾਲ ‘ਪੂਰੇ ਦੇਸ਼ ਵਿਚ ਅੱਗ ਲਾ ਦਿੱਤੀ ਹੈ ਤੇ ਦੇਸ਼ ਵਿਚ ਜੋ ਵੀ ਹੋ ਰਿਹਾ ਹੈ, ਉਹ ਉਸ ਲਈ ਇਕੱਲੀ ਜ਼ਿੰਮੇਵਾਰ ਹੈ।’
ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਤੋਂ ਰਾਹਤ; ਗ੍ਰਿਫ਼ਤਾਰੀ ’ਤੇ ਰੋਕ
