ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਿਹਾ ਹੈ ਕਿ ਪੰਜਾਬ ਸਰਕਾਰ ਸਿਰਫ ਦਿੱਲੀ ਤੋਂ ਕੇਜਰੀਵਾਲ ਦੇ ਫ਼ੈਸਲਿਆਂ ਨੂੰ ਲਾਗੂ ਕਰਨ ਵਿਚ ਲੱਗੀ ਹੋਈ ਹੈ, ਪਰ ਪੰਜਾਬੀਆਂ ਸਣੇ ਸੂਬੇ ਦੇ ਕਿਸਾਨਾਂ ਨਾਲ ਕੀਤੇ ਵਾਅਦਿਆਂ ਦੀ ਸਰਕਾਰ ਨੂੰ ਕੋਈ ਪ੍ਰਵਾਹ ਨਹੀਂ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਵਿਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਇੰਜ ਲੱਗਦਾ ਹੈ ਕਿ ਪੰਜਾਬ ਨੂੰ ਗੈਂਗਸਟਰ ਹੀ ਕੰਟਰੋਲ ਕਰ ਰਹੇ ਨੇ ਜਦਕਿ ਸਰਕਾਰ ਦਾ ਇੱਧਰ ਕੋਈ ਧਿਆਨ ਹੀ ਨਹੀਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਤੋਂ ਮੂੰਗੀ ਦੀ ਬੀਜਾਂਦ ਤਾਂ ਕਰਵਾ ਲਈ ਪਰ ਖਰੀਦ ਲਈ ਕੋਈ ਪ੍ਰਬੰਧ ਨਾ ਕੀਤੇ। ਇਸ ਕਾਰਨ 7275 ਰੁਪਏ ਐਮਐਸਪੀ ਵਾਲੀ ਮੂੰਗੀ ਦੀ ਫਸਲ ਕਿਸਾਨ ਦੋ ਤੋਂ ਤਿੰਨ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵੇਚਣ ਲਈ ਮਜਬੂਰ ਹਨ।
ਉਨ੍ਹਾਂ ਕੇਂਦਰ ਸਰਕਾਰ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਸਰਾਵਾਂ ’ਤੇ ਲਗਾਏ ਜੀਐਸਟੀ ਦੀ ਵੀ ਨਿੰਦਾ ਕੀਤੀ ਤੇ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। ਸੁਖਬੀਰ ਬਾਦਲ ਨੇ ਕਿਹਾ ਕਿ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਜਾਂਦੀ ਸੰਗਤ ਲਈ ਬਣਾਈਆਂ ਸਰਾਵਾਂ ’ਤੇ 12 ਫ਼ੀਸਦੀ ਜੀਐਸਟੀ ਲਗਾਉਣਾ ਪਾਪ ਕਮਾਉਣ ਦੇ ਬਰਾਬਰ ਹੈ। ਇਸ ਕਦਮ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।