ਪਟਿਆਲਾ : ਨਾਭਾ ਦੇ ਪਿੰਡ ਮੈਹਸ ਦੀ ਰਹਿਣ ਵਾਲੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ਵਿਚ ਕਾਂਸੀ ਦਾ ਤਮਗਾ ਜਿੱਤਿਆ ਹੈ। ਪਿੰਡ ਤੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਪਿੰਡ ਨਿਵਾਸੀਆਂ ਵੱਲੋਂ ਪਰਿਵਾਰ ਦਾ ਮੂੰਹ ਮਿੱਠਾ ਕਰਵਾਇਆ ਗਿਆ ਤੇ ਭੰਗੜੇ ਵੀ ਪਏ ਗਏ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਹਰਜਿੰਦਰ ਕੌਰ ਨੂੰ ਵਧਾਈ ਦਿੱਤੀ ਗਈ ਹੈ।
ਬਰਮਿੰਘਮ ਰਾਸ਼ਟਰਮੰਡਲ ਖੇਡਾਂ 2022 ਵਿੱਚ ਸਾਧਾਰਣ ਪਰਿਵਾਰਾਂ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਮਹਿਲਾ ਵੇਟਲਿਫਟਰ ਹਰਜਿੰਦਰ ਕੌਰ ਨੇ 71 ਕਿਲੋ ਵਰਗ ਵਿੱਚ ਕੁੱਲ 212 ਭਾਰ ਚੁੱਕ ਕੇ ਕਾਂਸੀ ਦਾ ਮੈਡਲ ਜਿੱਤਿਆ। ਹਰਜਿੰਦਰ ਨੇ 93 ਕਿਲੋ ਸਨੈਚ ਤੇ 119 ਕਿਲੋ ਕਲੀਨ ਜਰਕ ਚੁੱਕਿਆ। ਨਾਭਾ ਨੇੜਲੇ ਪਿੰਡ ਮੈਹਸ ਦੀ ਸਾਹਿਬ ਸਿੰਘ ਤੇ ਕੁਲਦੀਪ ਕੌਰ ਦੀ ਲਾਡਲੀ ਹਰਜਿੰਦਰ ਦੀ ਇਸ ਪ੍ਰਾਪਤੀ ਪਿੱਛੇ ਉਸ ਦੀ ਸਖ਼ਤ ਮਿਹਨਤ ਹੈ।
ਹਰਜਿੰਦਰ ਕਬੱਡੀ ਤੇ ਰੱਸ਼ਾਕਸ਼ੀ ਦੀ ਵੀ ਖਿਡਾਰਨ ਰਹੀ ਹੈ। ਹਰਜਿੰਦਰ ਕੌਰ ਦੇ ਕੋਚ ਰਹੇ ਪਰਮਜੀਤ ਸ਼ਰਮਾ ਦੱਸਦੇ ਹਨ ਕਿ ਹਰਜਿੰਦਰ ਬਹੁਤ ਮਿਹਨਤੀ ਰਹੀ ਹੈ। ਪਹਿਲਾਂ ਟਗ ਆਫ ਵਾਰ ਖੇਡੀ ਤੇ ਫੇਰ ਸਾਲ 2016 ‘ਚ ਵੇਟ ਲਿਫਟਿੰਗ ਸ਼ੁਰੂ ਕੀਤੀ। ਕੋਚ ਸ਼ਰਮਾ ਅਨੁਸਾਰ ਸਿਖਲਾਈ ਦੌਰਾਨ ਹਰਜਿੰਦਰ ਕਾਫੀ ਸਮਾਂ ਉਹਨਾਂ ਦੇ ਘਰ ਵੀ ਰਹਿੰਦੀ ਰਹੀ ਹੈ।