ਮਾਨਸਾ : ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਰਾਜਸਥਾਨ ਦੇ ਚੁਰੂ ਜ਼ਿਲ੍ਹੇ ਨਾਲ ਵੀ ਜੁੜਨੀਆ ਸ਼ੁਰੂ ਹੋ ਗਈਆਂ ਹਨ। ਸੋਮਵਾਰ ਨੂੰ ਪੰਜਾਬ ਦੇ ਮਾਨਸਾ ਥਾਣੇ ਦੀ ਪੁਲਿਸ ਚੁਰੂ ਪਹੁੰਚੀ ਸੀ। ਪੁਲਿਸ ਵੱਲੋਂ ਅਰਸ਼ਦ ਖ਼ਾਨ ਨੂੰ ਚੁਰੂ ਕੇਂਦਰੀ ਜੇਲ੍ਹ ਤੋਂ ਪੋ੍ਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ। ਅਰਸ਼ਦ ਖ਼ਾਨ ਨੂੰ ਮੰਗਲਵਾਰ ਨੂੰ ਮਾਨਸਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਨਸਾ ਪੁਲਿਸ ਨੂੰ ਅਦਾਲਤ ਨੇ 6 ਦਿਨ ਦਾ ਪੁਲਿਸ ਰਿਮਾਂਡ ਦੇ ਕੇ 8 ਅਗਸਤ ਨੂੰ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਹਨ। ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਅਰਸ਼ਦ ਦੀ ਭੂਮਿਕਾ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ।
ਸਰਦਾਰ ਸ਼ਹਿਰ ਦੇ ਰਹਿਣ ਵਾਲੇ ਅਰਸ਼ਦ ਖ਼ਾਨ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹਨ। ਪੁਲਿਸ ਸੂਤਰਾਂ ਅਨੁਸਾਰ ਕਤਲ ਕਾਂਡ ਵਿਚ ਵਰਤੀ ਗਈ ਬੋਲੈਰੋ ਦੀਆਂ ਤਾਰਾਂ ਮੁਲਜ਼ਮ ਅਰਸ਼ਦ ਖ਼ਾਨ ਨਾਲ ਸਬੰਧਤ ਹਨ। ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਨੂੰ ਅੰਨ੍ਹੇਵਾਹ ਗੋਲੀਆਂ ਵਰ੍ਹਾ ਕੇ ਪਿੰਡ ਜਵਾਹਰਕੇ ਕੀਤਾ ਗਿਆ ਸੀ। ਇਸ ਮਾਮਲੇ ਵਿਚ ਲਗਾਤਾਰ ਪੁਲਿਸ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਸੂਹ ਮਿਲਣ ‘ਤੇ ਹਰ ਪੱਖ ਤੋਂ ਜਾਂਚ ਕਰਨ ਵਿਚ ਪੁਲਿਸ ਲੱਗੀ ਹੋਈ ਹੈ। ਦੱਸਣਯੋਗ ਹੈ ਕਿ ਅਰਸ਼ਦ ਖ਼ਾਨ ਫੱੁਟਬਾਲ ਦਾ ਚੰਗਾ ਖਿਡਾਰੀ ਵੀ ਰਿਹਾ ਹੈ ਅਤੇ ਨੈਸ਼ਨਲ ਤਕ ਖੇਡ ਚੁੱਕਿਆ ਹੈ।