ਅਮਰੀਕਾ ਦੇ ਸਭ ਤੋਂ ਵੱਡੇ ਦੁਸ਼ਮਣ, ਅਲ-ਕਾਇਦਾ ਦੇ ਮੁਖੀ ਅਲ-ਜ਼ਵਾਹਿਰੀ ਨੂੰ ਕਾਬੁਲ ਦੇ ਰਿਹਾਇਸ਼ੀ ਘਰ ਦੀ ਬਾਲਕੋਨੀ ਵਿਚ ਡਰੋਨ ਰਾਹੀਂ ਢੇਰ ਕਰਨ ਦੀ ਖ਼ਬਰ ਦੇ ਨਸ਼ਰ ਹੁੰਦਿਆਂ ਸਾਰ ਵਿਸ਼ਵ ਪੱਧਰ ’ਤੇ ਤਹਿਲਕਾ ਮਚ ਗਿਆ। ਅਲ-ਜ਼ਵਾਹਿਰੀ ਦਰਅਸਲ 9/11 (ਗਿਆਰਾਂ ਸਤੰਬਰ, 2001 ) ਵਾਲੇ ਦਿਨ ਅਮਰੀਕਾ ਦੇ ਜੋੜੇ-ਮੀਨਾਰਾਂ ਨੂੰ ਨੇਸਤੋ-ਨਾਬੂਦ ਕਰਨ ਦਾ ਮੁੱਖ ਸਾਜ਼ਿਸ਼ਘਾੜਾ ਸੀ। ਦੁਨੀਆ ਨੂੰ ਹਿਲਾ ਦੇਣ ਵਾਲੀ ਇਸ ਘਟਨਾ ਦੇ ਇਕ ਦਹਾਕੇ (2011) ਪਿੱਛੋਂ ਅਮਰੀਕਾ ਨੇ ਪਾਕਿਸਤਾਨ ਦੇ ਐਬਟਾਬਾਦ ’ਚ ਦੁਨੀਆ ਦੇ ਸਭ ਤੋਂ ਵੱਡੇ ਦਹਿਸ਼ਤਗਰਦ ਓਸਾਮਾ-ਬਿਨ-ਲਾਦੇਨ ਨੂੰ ਢੇਰੀ ਕਰ ਕੇ ਉਸ ਦੀ ਲਾਸ਼ ਸਮੁੰਦਰ ਦੀਆਂ ਲਹਿਰਾਂ ਹਵਾਲੇ ਕਰ ਦਿੱਤੀ ਸੀ।
ਮੰਗਲਵਾਰ ਸਵੇਰੇ ਅਮਰੀਕਾ ਦੀਆਂ ਨਿੰਜਾ ਮਿਜ਼ਾਈਲਾਂ ਨੇ ਅਲ-ਜ਼ਵਾਹਿਰੀ ਨੂੰ ਕਾਬੁਲ ਦੇ ਇਕ ਪੌਸ਼ ਇਲਾਕੇ ਵਿਚ ਉਸ ਵੇਲੇ ਉਡਾ ਦਿੱਤਾ ਜਦੋਂ ਉਹ ਬਾਲਕੋਨੀ ਵਿਚ ਖੜ੍ਹਾ ਸੀ। ਉਸ ਦਾ ਅਸਲ ਨਾਮ ਇਮਨ-ਅਲ-ਜ਼ਵਾਹਿਰੀ ਸੀ ਤੇ ਉਹ ਦੁਨੀਆ ਵਿਚ ਆਤੰਕ ਦੀ ਫੈਕਟਰੀ ਦਾ ਮੋਹਰੀ ਸੀ। ਉਸ ਨੇ ਯੂਰਪ, ਅਮਰੀਕਾ ਤੋਂ ਲੈ ਕੇ ਅਰਬ ਦੇਸ਼ਾਂ ਤੇ ਅਫ਼ਰੀਕਾ ਵਿਚ ਕਈ ਅੱਤਵਾਦੀ ਹਮਲਿਆਂ ਨੂੰ ਅੰਜਾਮ ਦਿੱਤਾ ਤੇ ਪੂਰੀ ਦੁਨੀਆ ਨੂੰ ਡਰ, ਭੈਅ, ਦਹਿਸ਼ਤ ਤੇ ਮੌਤ ਦੇ ਮੂੰਹ ਵਿਚ ਪਾਇਆ। ਸੰਨ 2011 ਵਿਚ ਵਿਸ਼ਵ ਪ੍ਰਸਿੱਧ ਅੱਤਵਾਦੀ ਓਸਾਮਾ-ਬਿਨ-ਲਾਦੇਨ ਦੀ ਮੌਤ ਤੋਂ ਬਾਅਦ ਅਲ-ਜ਼ਵਾਹਿਰੀ ਨੂੰ ਦੁਨੀਆ ਦੇ ਸਭ ਤੋਂ ਵੱਡੇ ਸੰਗਠਨ ਅਲਕਾਇਦਾ ਦਾ ਮੁਖੀ ਬਣਾਇਆ ਗਿਆ ਸੀ। ਇਹ ਉਹੀ ਅਲਕਾਇਦਾ ਸੰਗਠਨ ਹੈ ਜਿਸ ਨੇ ਈਰਾਨ, ਇਰਾਕ ਤੋਂ ਲੈ ਕੇ ਅਮਰੀਕਾ, ਚੀਨ ਤੇ ਭਾਰਤ ਤਕ ਆਪਣੇ ਅੱਡੇ ਬਣਾਏ ਤੇ ਅੱਤਵਾਦ ਲਈ ਮੌਤ ਤੇ ਤਬਾਹੀ ਦੇ ਨਾਲ-ਨਾਲ ਪੂਰੀ ਦੁਨੀਆ ਵਿਚ ਧਾਰਮਿਕ ਕੱਟੜਤਾ ਦਾ ਬੂਟਾ ਲਾਇਆ। ਭਾਰਤ ਵਿਚ ਵੀ ਉਸ ਦੀਆਂ ਕਾਰਵਾਈਆਂ ਹੋਈਆਂ। ਪਿਛਲੇ ਦਿਨੀਂ ਅਲ-ਜ਼ਵਾਹਿਰੀ ਉਸ ਸਮੇਂ ਵੀ ਚਰਚਾ ਵਿਚ ਆਇਆ ਸੀ ਜਦੋਂ ਉਸ ਨੇ ਕਰਨਾਟਕ ਦੇ ਹਿਜਾਬ ਕਾਂਡ ਵਿਚ ਉਸ ਮੁਸਲਿਮ ਕੁੜੀ ਦੀ ਸ਼ਲਾਘਾ ਕੀਤੀ ਸੀ ਜੋ ਭੀੜ ਦੇ ਅੱਗੇ ਖੜ੍ਹੀ ਹੋ ਗਈ ਸੀ। ਆਇਮਨ-ਅਲ-ਜ਼ਵਾਹਿਰੀ ਦੀ ਆਪਣੀ ਨਿੱਜੀ ਜ਼ਿੰਦਗੀ ਵੀ ਬੜੀ ਦਿਲਚਸਪ ਰਹੀ ਹੈ। ਅਸਲ ਵਿਚ ਉਹ ਮਿਸਰ ਦਾ ਇਕ ਅੱਖਾਂ ਦਾ ਮਾਹਿਰ ਸਰਜਨ ਸੀ। ਜਵਾਹਰੀ ਦਾ ਜਨਮ 19 ਜੂਨ 1951 ਨੂੰ ਹੋਇਆ ਸੀ। ਉਸ ਦਾ ਪੂਰਾ ਪਰਿਵਾਰ ਪੜਿ੍ਹਆ-ਲਿਖਿਆ ਸੀ। ਪੇਸ਼ੇ ਵਜੋਂ ਇਕ ਸਰਜਨ ਡਾਕਟਰ ਅਸਲ ਵਿਚ ਛੋਟੀ ਉਮਰ ਵਿਚ ਹੀ ਮੁਸਲਿਮ ਬ੍ਰਦਰਹੁੱਡ ਦਾ ਮੈਂਬਰ ਬਣ ਗਿਆ ਸੀ। ਉਸ ਨੇ ਈਆਈਜੇ ਅਰਥਾਤ ਇਜਿਪਟਨ ਇਸਲਾਮਕ ਜਹਾਦ ਦਾ ਗਠਨ ਕੀਤਾ ਸੀ। ਇਸ ਸੰਗਠਨ ਨੇ ਹੀ 1970 ਵਿਚ ਮਿਸਰ ਵਿਚ ਸੱਤਾ ਦਾ ਵਿਰੋਧ ਸ਼ੁਰੂ ਕੀਤਾ ਸੀ।