ਕੈਨੇਡਾ ਤੇ ਜਰਮਨੀ ਨੇ ਸਾਈਨ ਕੀਤੀ ਨਵੀਂ ਹਾਈਡਰੋਜਨ ਡੀਲ

ਓਟਵਾ: ਨਿਊਫਾਊਂਡਲੈਂਡ ਤੇ ਲੈਬਰਾਡੌਰ ਦੇ ਸਟੀਫਨਵਿੱਲ ਟਾਊਨ ਵਿੱਚ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਜਰਮਨੀ ਦੇ ਚਾਂਸਲਰ ਓਲਫ ਸ਼ੌਲਜ਼ ਨੇ ਨਵੀਂ ਹਾਈਡਰੋਜਨ ਡੀਲ ਉੱਤੇ ਦਸਤਖ਼ਤ ਕੀਤੇ। ਇਹ ਡੀਲ ਹਾਈਡਰੋਜਨ ਟਰੇਡ ਸ਼ੋਅ ਦੌਰਾਨ ਸਿਰੇ ਚੜ੍ਹਾਈ ਗਈ।
ਇਸ ਡੀਲ ਤੋਂ ਬਾਅਦ ਕੈਨੇਡਾ ਤੇ ਜਰਮਨੀ ਨੇ ਆਖਿਆ ਕਿ ਇਸ ਨਵੇਂ ਸਮਝੌਤੇ ਤੋਂ ਬਾਅਦ ਇੱਕ ਨਵੀਂ ਹਾਈਡਰੋਜਨ ਸਪਲਾਈ ਚੇਨ ਸ਼ੁਰੂ ਹੋਵੇਗੀ। ਇੱਥੇ ਹੀ ਬੱਸ ਨਹੀਂ ਇਸ ਦੀ ਪਹਿਲੀ ਡਲਿਵਰੀ ਸਿਰਫ ਤਿੰਨ ਸਾਲਾਂ ਵਿੱਚ ਹੀ ਮਿਲਣੀ ਸ਼ੁਰੂ ਹੋ ਜਾਵੇਗੀ।ਇਸ ਸਮਝੌਤੇ ਦੌਰਾਨ ਇਹ ਤੈਅ ਕੀਤਾ ਗਿਆ ਹੈ ਕਿ ਕੈਨੇਡਾ ਹਾਈਡਰੋਜਨ ਦੇ ਉਤਪਾਦਨ ਲਈ ਜਿ਼ੰਮੇਵਾਰ ਹੋਵੇਗਾ ਤੇ ਜਰਮਨੀ ਉਸ ਨੂੰ ਐਟਲਾਂਟਿਕ ਤੋਂ ਪਾਰ ਲਿਜਾਣ ਲਈ ਸਿ਼ਪਿੰਗ ਗਲਿਆਰੇ ਉੱਤੇ ਧਿਆਨ ਦੇਵੇਗਾ।
ਹਾਲਾਂਕਿ ਇਸ ਸਮਝੌਤੇ ਵਿੱਚ ਰੂਸ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ ਪਰ ਇਹ ਸਮਝੌਤਾ ਐਨਰਜੀ ਦੇ ਮਾਮਲੇ ਵਿੱਚ ਆਤਮਨਿਰਭਰ ਬਣਨ ਦੇ ਨਾਲ ਨਾਲ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਇਹ ਸੁਨੇਹਾ ਦੇਣ ਲਈ ਵੀ ਕੀਤਾ ਗਿਆ ਹੈ ਕਿ ਗਲੋਬਲ ਐਨਰਜੀ ਵਿੱਚ ਸੁਪਰਪਾਵਰ ਬਣੇ ਰਹਿਣ ਦੇ ਉਨ੍ਹਾਂ ਦੇ ਦੇਸ਼ ਦੇ ਦਿਨ ਹੁਣ ਪੁੱਗਣ ਵਾਲੇ ਹਨ।
ਇੱਥੇ ਦੱਸਣਾ ਬਣਦਾ ਹੈ ਕਿ ਜਰਮਨੀ ਆਪਣੀਆਂ ਕਲਾਈਮੇਟ ਸਬੰਧੀ ਵਚਨਬੱਧਤਾਵਾਂ ਨੂੰ ਪੂਰਾ ਕਰਨ ਤੇ ਰੂਸ ਉੱਤੇ ਆਪਣੀ ਐਨਰਜੀ ਸਬੰਧੀ ਨਿਰਭਰਤਾ ਨੂੰ ਘਟਾਉਣ ਲਈ ਫੌਸਿਲ ਫਿਊਲ ਦੇ ਬਦਲ ਨੂੰ ਤਲਾਸ਼ ਰਿਹਾ ਸੀ।
ਇਸ ਦੌਰਾਨ ਕੁਦਰਤੀ ਵਸੀਲਿਆਂ ਦੇ ਵਿਕਾਸ ਬਾਰੇ ਮੰਤਰੀ ਜੌਨਾਥਨ ਵਿਲਕਿੰਸਨ ਨੇ ਮੰਗਲਵਾਰ ਨੂੰ ਇੱਕ ਇੰਟਰਵਿਊ ਵਿੱਚ ਆਖਿਆ ਕਿ ਇਹ ਸਮਝੌਤਾ ਪੁਤਿਨ ਵੱਲੋਂ ਯੂਕਰੇਨ ਉੱਤੇ ਕੀਤੀ ਗਈ ਚੜ੍ਹਾਈ ਕਾਰਨ ਹੀ ਹੋ ਰਿਹਾ ਹੈ।

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat