ਚੰਡੀਗੜ੍ਹ : ਕਰੀਬ ਸੱਤ ਵਰ੍ਹੇ ਪਹਿਲਾਂ ਕਾਂਗਰਸ ਨੇ ਦੁਪਹੀਆਂ ਵਾਹਨਾਂ ਦੇ ਨੰਬਰ ਲਗਾ ਕੇ ਅਨਾਜ ਢੋਹਣ ਦਾ ਮੁੱਦਾ ਚੁੱਕ ਕੇ ਅਕਾਲੀ-ਭਾਜਪਾ ਗਠਜੋੜ ਸਰਕਾਰ ‘ਤੇ ਤਿੱਖਾ ਹਮਲਾ ਕੀਤਾ ਸੀ ਪਰ ਅੱਜ ਉਸੇ ਮਾਮਲੇ ਵਿਚ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਘਿਰ ਗਏ ਹਨ। ਤਤਕਾਲੀ ਅਕਾਲੀ-ਭਾਜਪਾ ਸਰਕਾਰ ਨੂੰ ਘੇਰਨ ਲਈ ਉਦੋਂ ਕਾਂਗਰਸੀ ਆਗੂ ਸੁਨੀਲ ਜਾਖੜ (ਹੁਣ ਭਾਜਪਾਈ) ਮੋਟਰਸਾਈਕਲ ‘ਤੇ ‘ਇਹ ਮੇਰਾ ਟਰੱਕ ਹੈ’ ਦਾ ਬੈਨਰ ਲਗਾ ਕੇ ਵਿਧਾਨ ਸਭਾ ਵਿਚ ਪੁੱਜੇ ਸਨ, ਕਾਂਗਰਸ ਦੇ ਇਸ ਖ਼ੁਲਾਸੇ ਨਾਲ ਇਕ ਵਾਰ ਸੂਬੇ ਦੀ ਸਿਆਸਤ ਵਿਚ ਸਿਆਸੀ ਭੂਚਾਲ ਆ ਗਿਆ ਸੀ ਪਰ ਦਿਲਚਸਪ ਗੱਲ ਹੈ ਕਿ ਜਿਹੜੇ ਮੁੱਦੇ ‘ਤੇ ਕਾਂਗਰਸੀ ਆਗੂ ਆਪਣੇ ਸਿਆਸੀ ਸ਼ਰੀਕਾਂ ਨੂੰ ਘੇਰਨ ਦਾ ਯਤਨ ਕਰਦੇ ਰਹੇ ਹਨ, ਅੱਜ ਉਸੇ ਮੁੱਦੇ ‘ਤੇ ਖ਼ੁਦ ਘਿਰ ਗਏ ਹਨ।
ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਲੀਡਰਸ਼ਿਪ ਸੂਬੇ ਵਿਚ 31 ਹਜ਼ਾਰ ਕਰੋੜ ਰੁਪਏ ਦਾ ਫੂਡ ਘਪਲਾ ਹੋਣ ਦਾ ਦੋਸ਼ ਲਾਉਂਦੀ ਰਹੀ ਪਰ ਇਹ ਗੱਲ ਵੱਖਰੀ ਹੈ ਕਿ ਚੋਣ ਨਤੀਜੇ ਆਉਣ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ 31 ਹਜ਼ਾਰ ਦੇ ਲੈਣ-ਦੇਣ ਦੇ ਮਾਮਲੇ ਨੂੰ ਕਰਜ਼ੇ ਵਿਚ ਬਦਲ ਦਿੱਤਾ ਸੀ। ਸਰਕਾਰ ਦੇ ਇਸ ਫ਼ੈਸਲੇ ਨਾਲ ਕਰਜ਼ੇ ਦੇ ਬੋਝ ਥੱਲੇ ਦੱਬੇ ਪੰਜਾਬ ‘ਤੇ ਹੋਰ ਕਰਜ਼ੇ ਦਾ ਬੋਝ ਪੈ ਗਿਆ।