ਨਵੀਂ ਦਿੱਲੀ : ਲੰਬੇ ਸਮੇਂ ਤੋਂ ਖ਼ਰਾਬ ਲੈਅ ਨਾਲ ਜੂਝ ਰਹੇ ਭਾਰਤ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦਾ ਬਚਾਅ ਕਰਦੇ ਹੋਏ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਕਿਹਾ ਹੈ ਕਿ ਫਿਟਨੈੱਸ, ਜਿੱਤ ਦੀ ਭੁੱਖ ਤੇ ਜਨੂਨ ਦੇ ਮਾਮਲੇ ਵਿਚ ਅਜੇ ਵੀ ਕੋਹਲੀ ਦਾ ਕੋਈ ਮੁਕਾਬਲਾ ਨਹੀਂ ਹੈ ਤੇ ਉਹ ਇਸ ਜ਼ਰੂਰੀ ਬ੍ਰੇਕ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਨਗੇ। ਸ਼ਾਸਤਰੀ ਨੇ ਕਿਹਾ ਕਿ ਮੈਂ ਪਿਛਲੇ ਦਿਨਾਂ ਤੋਂ ਕੋਹਲੀ ਨਾਲ ਗੱਲ ਨਹੀਂ ਕੀਤੀ ਹੈ ਪਰ ਵੱਡੇ ਖਿਡਾਰੀ ਹਮੇਸ਼ਾ ਸਮੇਂ ‘ਤੇ ਲੈਅ ਵਿਚ ਆ ਜਾਂਦੇ ਹਨ। ਏਸ਼ੀਆ ਕੱਪ ਤੋਂ ਪਹਿਲਾਂ ਲਈ ਗਈ ਬ੍ਰੇਕ ਕੋਹਲੀ ਲਈ ਫ਼ਾਇਦੇਮੰਦ ਹੋਵੇਗੀ ਜਿਸ ਵਿਚ ਉਸ ਨੇ ਆਪਣੇ ਆਪ ਨਾਲ ਗੱਲ ਕੀਤੀ ਹੋਵੇਗੀ। ਲੋਕਾਂ ਦੀ ਯਾਦਦਾਸ਼ਤ ਬਹੁਤ ਛੋਟੀ ਹੈ ਤੇ ਪਾਕਿਸਤਾਨ ਖ਼ਿਲਾਫ਼ ਕੋਹਲੀ ਅਰਧ ਸੈਂਕੜਾ ਵੀ ਬਣਾ ਲਵੇਗਾ ਤਾਂ ਲੋਕ ਸਭ ਕੁਝ ਭੁੱਲ ਜਾਣਗੇ। ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਪਾਕਿਸਤਾਨ ਮੈਚ ਦੇ ਰੋਮਾਂਚ ਨੂੰ ਦੇਖਦੇ ਹੋਏ ਖਿਡਾਰੀਆਂ ਨੂੰ ਇੰਟਰਨੈੱਟ ਮੀਡੀਆ ‘ਤੇ ਬਣਨ ਵਾਲੀ ਹਾਈਪ ਤੋਂ ਦੂਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਖਿਡਾਰੀਆਂ ਨੂੰ ਇਹੀ ਕਹਾਂਗਾ ਕਿ ਆਪਣੀ ਖੇਡ ‘ਤੇ ਧਿਆਨ ਦੇਣ ਤੇ ਇੰਟਰਨੈੱਟ ਮੀਡੀਆ ਤੋਂ ਦੂਰ ਰਹਿਣ।
ਫਿਟਨੈੱਸ, ਜਿੱਤ ਦੀ ਭੁੱਖ ਤੇ ਜਨੂੰਨ ਦੇ ਮਾਮਲੇ ‘ਚ ਅਜੇ ਵੀ ਕੋਹਲੀ ਦਾ ਕੋਈ ਮੁਕਾਬਲਾ ਨਹੀਂ : ਸ਼ਾਸਤਰੀ
