ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਰੂਸ ਵੱਲੋਂ ਦਿੱਤੀ ਜਾ ਰਹੀ ਗਲਤ ਜਾਣਕਾਰੀ ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਨਾਲ ਨਜਿੱਠਣ ਲਈ ਫੈਡਰਲ ਸਰਕਾਰ ਵੱਲੋਂ ਇੱਕ ਵਿਸ਼ੇਸ਼ ਟੀਮ ਕਾਇਮ ਕੀਤੀ ਜਾਵੇਗੀ।
ਯੂਕਰੇਨ ਉੱਤੇ ਰੂਸ ਵੱਲੋਂ ਕੀਤੀ ਗਈ ਚੜ੍ਹਾਈ ਦੇ ਮੱਦੇਨਜ਼ਰ ਕੈਨੇਡਾ ਵੱਲੋਂ 62 ਹੋਰ ਰੂਸੀ ਵਿਅਕਤੀਆਂ ਤੇ ਰੂਸੀ ਮਿਲਟਰੀ ਆਰਗੇਨਾਈਜ਼ੇਸ਼ਨ ਉੱਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ। ਸਰਕਾਰ ਨੇ ਦੱਸਿਆ ਕਿ ਜਿਨ੍ਹਾਂ ਵਿਅਕਤੀਆਂ ਉੱਤੇ ਅੱਜ ਪਾਬੰਦੀਆਂ ਲਾਈਆਂ ਗਈਆਂ ਹਨ ਉਨ੍ਹਾਂ ਵਿੱਚ ਕਈ ਰੂਸੀ ਫੈਡਰਲ ਗਵਰਨਰਜ਼ ਤੇ ਰੀਜਨਲ ਆਗੂ ਸ਼ਾਮਲ ਹਨ। ਇੱਥੇ ਹੀ ਬੱਸ ਨਹੀਂ ਇਨ੍ਹਾਂ ਆਗੂਆਂ ਦੇ ਪਰਿਵਾਰਕ ਮੈਂਬਰਾਂ ਉੱਤੇ ਵੀ ਪਾਬੰਦੀਆਂ ਲਾਈਆਂ ਗਈਆਂ ਹਨ।
ਪ੍ਰਧਾਨ ਮੰਤਰੀ ਵੱਲੋਂ ਇਨ੍ਹਾਂ ਨਵੇਂ ਮਾਪਦੰਡਾਂ ਦਾ ਐਲਾਨ ਯੂਕਰੇਨ ਦਾ ਸਮਰਥਨ ਕਰਨ ਵਾਲੇ ਦਰਜਨਾਂ ਦੇਸ਼ਾਂ ਦੇ ਆਗੂਆਂ ਦੀ ਮੀਟਿੰਗ ਦੌਰਾਨ ਕੀਤਾ ਗਿਆ।ਟਰੂਡੋ ਟੋਰਾਂਟੋ ਤੋਂ ਵੀਡੀਓਲਿੰਕ ਰਾਹੀਂ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਇਸ ਦੌਰਾਨ ਜਰਮਨੀ ਦੇ ਚਾਂਸਲਰ ਓਲਫ ਸ਼ੌਲਜ਼ ਨੇ ਵੀ ਯੂਕਰੇਨ ਦੀ ਹੋਰ ਮਦਦ ਦਾ ਤਹੱਈਆ ਪ੍ਰਗਟਾਇਆ।
ਰੂਸ ਵੱਲੋਂ ਦਿੱਤੀ ਜਾ ਰਹੀ ਗਲਤ ਜਾਣਕਾਰੀ ਨਾਲ ਨਜਿੱਠਣ ਲਈ ਕੈਨੇਡਾ ਤਿਆਰ ਕਰੇਗਾ ਵਿਸ਼ੇਸ਼ ਟੀਮ
