ਲੁਧਿਆਣਾ: ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਬਿਊਰੋ ਨੇ ਅੱਜ ਚਾਰ ਦਿਨਾ ਰਿਮਾਂਡ ’ਤੇ ਲੈ ਲਿਆ। ਆਸ਼ੂ ਨੂੰ ਅੱਜ ਸ਼ਾਮੀਂ ਚਾਰ ਵਜੇ ਦੇ ਕਰੀਬ ਸਖ਼ਤ ਸੁਰੱਖਿਆ ਪਹਿਰੇ ਹੇਠ ਜੱਜ ਸੁਮਿਤ ਕੱਕੜ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਉਧਰ, ਇਸ ਮਾਮਲੇ ’ਚ ਪਹਿਲਾਂ ਤੋਂ ਗ੍ਰਿਫ਼ਤਾਰ ਠੇਕੇਦਾਰ ਤੇਲੂ ਰਾਮ ਨੂੰ ਵੀ ਅਦਾਲਤ ’ਚ ਪੇਸ਼ ਕਰ ਕੇ ਦੋ ਰੋਜ਼ਾ ਪੁਲੀਸ ਰਿਮਾਂਡ ਲੈ ਲਿਆ ਗਿਆ।
ਸਾਬਕਾ ਕੈਬਨਿਟ ਮੰਤਰੀ ਵੱਲੋਂ ਸੀਨੀਅਰ ਵਕੀਲ ਪਰਉਪਕਾਰ ਸਿੰਘ ਘੁੰਮਣ, ਵੀਡੀ ਹਾਂਡਾ, ਰਮਨ ਕੌਸ਼ਲ ਤੇ ਰਾਜੀਵ ਕੌਸ਼ਲ ਪੇਸ਼ ਹੋਏ। ਇਸ ਦੌਰਾਨ ਆਸ਼ੂ ਦੇ ਰਿਮਾਂਡ ਦੀ ਮੰਗ ਨੂੰ ਲੈ ਕੇ ਅਦਾਲਤ ’ ’ਚ ਸਰਕਾਰੀ ਤੇ ਬਚਾਅ ਪੱਖ ਦੇ ਵਕੀਲਾਂ ਦਰਮਿਆਨ ਇੱਕ ਘੰਟੇ ਤੱਕ ਬਹਿਸ ਚੱਲੀ। ਵਿਜੀਲੈਂਸ ਨੇ ਕਈ ਤੱਥ ਪੇਸ਼ ਕੀਤੇ ਤੇ ਕੁਝ ਸਾਮਾਨ ਤੇ ਹੋਰ ਦਸਤਾਵੇਜ਼ ਰਿਕਵਰ ਕਰਨ ਦੇ ਹਵਾਲੇ ਨਾਲ 10 ਦਿਨਾ ਰਿਮਾਂਡ ਮੰਗਿਆ। ਬਚਾਅ ਪੱਖ ਵੱਲੋਂ ਰਿਮਾਂਡ ਦਾ ਵਿਰੋਧ ਕੀਤਾ ਗਿਆ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਸਾਬਕਾ ਕੈਬਨਿਟ ਮੰਤਰੀ ਦਾ ਚਾਰ ਦਿਨਾ ਪੁਲੀਸ ਰਿਮਾਂਡ ਦੇ ਦਿੱਤਾ। ਸਾਬਕਾ ਕੈਬਨਿਟ ਮੰਤਰੀ ਆਸ਼ੂ ਨੂੰ ਹੁਣ ਸ਼ਨਿਚਰਵਾਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਵਿਜੀਲੈਂਸ ਦੀ ਟੀਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਾਬਕਾ ਮੰਤਰੀ ਨੂੰ ਅਦਾਲਤ ਲੈ ਕੇ ਆਈ। ਇਸ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਹਤਿਆਤ ਵਜੋਂ ਅਦਾਲਤੀ ਕੰਪਲੈਕਸ ਨੇੜਲਾ ਇਲਾਕਾ ਖਾਲੀ ਕਰਵਾ ਦਿੱਤਾ ਗਿਆ ਸੀ। ਇਥੇ ਸਿਰਫ਼ ਪੁਲੀਸ ਅਧਿਕਾਰੀ ਤੇ ਮੁਲਾਜ਼ਮ ਹੀ ਮੌਜੂਦ ਸਨ। ਆਗੂਆਂ ਦੇ ਨਾਲ ਆਉਣ ਵਾਲੀਆਂ ਗੱਡੀਆਂ ਨੂੰ ਵੀ ਬਾਹਰ ਪਾਰਕਿੰਗ ’ਚ ਰੁਕਣ ਦੇ ਹੁਕਮ ਦਿੱਤੇ ਗਏ। ਏਡੀਸੀਪੀ-3 ਸ਼ੁਭਮ ਅਗਰਵਾਲ, ਏਸੀਪੀ ਹਰੀਸ਼ ਬਹਿਲ, ਏਸੀਪੀ ਮਨਦੀਪ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਅਦਾਲਤੀ ਕੰਪਲੈਕਸ ’ਚ ਮੌਜੂਦ ਰਹੇ। ਸਿਰਫ਼ ਵਿਜੀਲੈਂਸ ਦੀਆਂ 2 ਗੱਡੀਆਂ ਨੂੰ ਹੀ ਕੰਪਲੈਕਸ ’ਚ ਜਾਣ ਦੀ ਆਗਿਆ ਦਿੱਤੀ ਗਈ। ਇੱਕ ਗੱਡੀ ’ਚ ਭਾਰਤ ਭੂਸ਼ਣ ਆਸ਼ੂ ਮੌਜੂਦ ਸਨ। ਜਿਵੇਂ ਹੀ ਆਸ਼ੂ ਗੱਡੀ ’ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਪੁਲੀਸ ਅਧਿਕਾਰੀਆਂ ਨੇ ਘੇਰ ਲਿਆ। ਉਹ ਸੁਰੱਖਿਆ ਪਹਿਰੇ ਹੇਠ ਸਿੱਧੇ ਅਦਾਲਤ ’ਚ ਗਏ। ਆਸ਼ੂ ਇਕ ਘੰਟੇ ਦੇ ਕਰੀਬ ਅਦਾਲਤ ਵਿੱਚ ਰਹੇ ਤੇ ਉਨ੍ਹਾਂ ਉਥੇ ਹੀ ਹੋਰਨਾਂ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ।