ਓਟਵਾ : ਅਲਬਰਟਾ ਵਿੱਚ ਵਿੱਤ ਮੰਤਰੀ ਤੇ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੂੰ ਹਿੰਸਕ ਧਮਕੀਆਂ ਦੇਣ ਤੇ ਗਾਲਾਂ ਕੱਢਣ ਵਰਗੀ ਵਾਪਰੀ ਘਟਨਾ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸਿਆਸੀ ਆਗੂਆਂ ਨੂੰ ਅਜਿਹੀ ਘਟਨਾ ਖਿਲਾਫ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਹੈ।
ਵੀਕੈਂਡ ਉੱਤੇ ਆਨਲਾਈਨ ਸਰਕੂਲੇਟ ਕੀਤੇ ਗਏ ਇੱਕ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਫਰੀਲੈਂਡ ਸੁ਼ੱਕਰਵਾਰ ਨੂੰ ਜਦੋਂ ਗ੍ਰੈਂਡ ਪ੍ਰੇਰੀਜ਼ ਦੇ ਸਿਟੀ ਹਾਲ ਵਿੱਚ ਦਾਖਲ ਹੋਣ ਲਈ ਲਿਫਟ ਵਿੱਚ ਚੜ੍ਹ ਰਹੀ ਸੀ ਤਾਂ ਇੱਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਗਾਲਾਂ ਕੱਢੀਆਂ ਗਈਆਂ, ਧਮਕੀਆਂ ਦਿੱਤੀਆਂ ਗਈਆਂ ਤੇ ਗੱਦਾਰ ਕਹਿ ਕੇ ਸੱਦਿਆ ਗਿਆ।
ਐਤਵਾਰ ਨੂੰ ਐਲਜੀਬੀਟੀਕਿਊ ਕਮਿਊਨਿਟੀਜ਼ ਦੀ ਮਦਦ ਲਈ ਜਾਰੀ ਕੀਤੇ ਗਏ ਐਕਸ਼ਨ ਪਲੈਨ ਨੂੰ ਫੰਡ ਦੇਣ ਸਬੰਧੀ ਐਲਾਨ ਕਰਨ ਸਮੇਂ ਟਰੂਡੋ ਨੇ ਇਸ ਘਟਨਾ ਦਾ ਜਿ਼ਕਰ ਕੀਤਾ। ਉਨ੍ਹਾਂ ਆਖਿਆ ਕਿ ਜੋ ਕੁੱਝ ਫਰੀਲੈਂਡ ਨਾਲ ਹੋਇਆ ਉਹ ਇੱਕਲੀ-ਕਾਰੀ ਘਟਨਾ ਨਹੀਂ ਹੈ ਸਗੋਂ ਖਾਸਤੌਰ ਉੱਤੇ ਮਹਿਲਾਵਾਂ ਤੇ ਘੱਟ ਗਿਣਤੀਆਂ ਖਿਲਾਫ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ।
ਫਰੀਲੈਂਡ ਖਿਲਾਫ ਵਾਪਰੀ ਘਟਨਾ ਬਾਰੇ ਟਰੂਡੋ ਨੇ ਸਿਆਸੀ ਆਗੂਆਂ ਨੂੰ ਇੱਕਜੁੱਟ ਹੋਣ ਦਾ ਦਿੱਤਾ ਸੱਦਾ
