ਪਣਜੀ: ਭਾਜਪਾ ਆਗੂ ਸੋਨਾਲੀ ਫੋਗਾਟ ਦੇ ਕਤਲ ਕੇਸ ਵਿੱਚ ਪੁਲਸ ਨੇ ਕੱਲ੍ਹ ਗੋਆ ਦੇ ਇੱਕ ਰੈਸਟੋਰੈਂਟ ਮਾਲਕ ਤੇ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕੇਸ ਵਿੱਚ ਪਹਿਲਾਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਨਸ਼ਾ ਇਸੇ ਤਸਕਰ ਨੇ ਪੁਚਾਇਆ ਸੀ, ਜੋ ਉਨ੍ਹਾਂ ਸੋਨਾਲੀ ਨੂੰ ਪਿਆਇਆ ਸੀ। ਇਸ ਕੇਸ ਵਿੱਚ ਅੱਜ ਤਕ ਪੁਲਸ ਨੇ ਚਾਰ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸੇ ਦੌਰਾਨ ਅਦਾਲਤ ਨੇ ਕੱਲ੍ਹ ਪਹਿਲਾਂ ਗ੍ਰਿਫਤਾਰ ਕੀਤੇ ਦੋ ਜਣਿਆਂ ਸੁਧਾਰ ਸਾਂਗਵਾਨ ਤੇ ਸੁਖਵਿੰਦਰ ਸਿੰਘ ਦਾ ਪੁਲਸ ਨੂੰ ਦਸ ਦਿਨ ਦਾ ਰਿਮਾਂਡ ਦੇ ਦਿੱਤਾ ਹੈ।
ਕੱਲ੍ਹ ਗ੍ਰਿਫਤਾਰ ਕੀਤੇ ਗਏ ਨਸ਼ਾ ਤਸਕਰ ਦੀ ਪਛਾਣ ਦੱਤਾਪ੍ਰਸਾਦ ਗਾਓਂਕਰ ਵਜੋਂ ਹੋਈ ਹੈ। ਇਸ ਰੈਸਟੋਰੈਂਟ ਦੇ ਮਾਲਕ ਦਾ ਨਾਂਅ ਐਡਵਿਨ ਨਨਜ਼ ਹੈ, ਜਿਸ ਦੇ ਕਰਲੀਜ਼ ਰੈਸਟੋਰੈਂਟ ਵਿੱਚ ਮੌਤ ਤੋਂ ਪਹਿਲਾਂ ਫੋਗਾਟ ਅਤੇ ਮੁਲਜ਼ਮਾਂ ਨੇ ਪਾਰਟੀ ਕੀਤੀ ਸੀ। ਇਨ੍ਹਾਂ ਨੂੰ ਕੱਲ੍ਹ ਸਵੇਰੇ ਅੰਜੁਨਾ ਤੋਂ ਗ੍ਰਿਫਤਾਰ ਕੀਤਾ ਗਿਆ। ਸਾਂਗਵਾਨ ਤੇ ਸੁਖਵਿੰਦਰ ਨੇ ਪੁਲਸ ਕੋਲ ਮੰਨਿਆ ਕਿ ਉਨ੍ਹਾਂ ਨਸ਼ਾ ਗਾਓਂਕਰ ਤੋਂ ਲਿਆ ਸੀ। ਤਸਕਰ ਤੇ ਰੈਸਟੋਰੈਂਟ ਮਾਲਕ ਨੂੰ ਐਨ ਡੀ ਪੀ ਐਸ ਐਕਟ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਪਹਿਲਾਂ ਕਿਹਾ ਸੀ ਕਿ ਸਾਂਗਵਾਨ ਤੇ ਸੁਖਵਿੰਦਰ ਨੇ ਫੋਗਾਟ ਨੂੰ ਪਾਣੀ ਵਿੱਚ ਕੋਈ ਪਦਾਰਥ ਘੋਲ ਕੇ ਜਬਰੀ ਪਿਲਾਇਆ ਸੀ। 42 ਸਾਲਾ ਅਭਿਨੇਤਰੀ ਤੇ ਸਿਆਸੀ ਆਗੂ ਦੀ 23 ਅਗਸਤ ਨੂੰ ਗੋਆ ਵਿੱਚ ਮੌਤ ਹੋ ਗਈ ਸੀ। ਪੁਲਸ ਨੂੰ ਸ਼ੱਕ ਹੈ ਕਿ ਹੱਤਿਆ ਦਾ ਕਾਰਨ ਆਰਥਿਕ ਹਿੱਤ ਹੋ ਸਕਦੇ ਹਨ।
ਸੋਨਾਲੀ ਫੋਗਾਟ ਕੇਸ: ਨਸ਼ਾ ਤਸਕਰ ਤੇ ਰੈਸਟੋਰੈਂਟ ਮਾਲਕ ਗ੍ਰਿਫਤਾਰ
