ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਦਿੱਲੀ ਦੇ ਉਪ ਰਾਜਪਾਲ ਵੀ.ਕੇ.ਸਕਸੈਨਾ ’ਤੇ ਭ੍ਰਿਸ਼ਟਾਚਾਰ ਦੇ ਨਵੇਂ ਦੋਸ਼ ਲਾਏ ਹਨ। ਪਾਰਟੀ ਨੇ ਸਕਸੈਨਾ ’ਤੇ ਖਾਦੀ ਤੇ ਵਿਲੇਜ ਇੰਡਸਟਰੀਜ਼ ਕਮਿਸ਼ਨ ਦਾ ਚੇਅਰਮੈਨ ਰਹਿੰਦਿਆਂ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਅਹੁਦੇ ਤੋਂ ਹਟਾਉਣ ਦੀ ਮੰਗ ਕੀਤੀ ਹੈ। ‘ਆਪ’ ਨੇ ਦਾਅਵਾ ਕੀਤਾ ਕਿ ਉਪ ਰਾਜਪਾਲ ਨੇ ਕੇਵੀਆਈਸੀ ਦੇ ਚੇਅਰਮੈਨ ਵਜੋਂ ਮੁੰਬਈ ਦੀ ਖਾਦੀ ਲਾਊਂਜ ਦੇ ਇੰਟੀਰੀਅਰ ਡਿਜ਼ਾਈਨਿੰਗ ਦਾ ਠੇਕਾ ਆਪਣੀ ਧੀ ਸ਼ਿਵਾਂਗੀ ਸਕਸੈਨਾ ਨੂੰ ਦਿੱਤਾ ਸੀ। ਉਨ੍ਹਾਂ ਮੰਗ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਪ ਰਾਜਪਾਲ ਨੂੰ ‘ਫੌਰੀ’ ਅਹੁਦੇ ਤੋਂ ਲਾਂਭੇ ਕਰਨ।
ਇਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ‘ਆਪ’ ਦੇ ਕੌਮੀ ਤਰਜਮਾਨ ਤੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਮੰਗ ਕੀਤੀ ਕਿ ਆਪਣੀ ਧੀ ਸ਼ਿਵਾਂਗੀ ਸਕਸੈਨਾ ਨੂੰ ਨੇਮਾਂ ਦੀ ਉਲੰਘਣਾ ਕਰਕੇ ਕੰਮ ਦਾ ਠੇਕਾ ਦੇਣ ਦੇ ਦੋਸ਼ ਵਿੱਚ ਸਕਸੈਨਾ ਖਿਲਾਫ਼ ਕਾਨੂੰਨੀ ਕਾਰਵਾਈ ਵਿੱਢੀ ਜਾਵੇ। ਸਿੰਘ ਨੇ ਦੋਸ਼ ਲਾਇਆ, ‘‘ਉਪ ਰਾਜਪਾਲ ਵੀ.ਕੇ.ਸਕਸੈਨਾ ਨੇ, ਕੇਵੀਆਈਸੀ ਦੇ ਚੇਅਰਮੈਨ ਵਜੋਂ ਆਪਣੇ ਕਾਰਜਕਾਲ ਦੌਰਾਨ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਆਪਣੀ ਧੀ ਸ਼ਿਵਾਂਗੀ ਸਕਸੈਨਾ ਨੂੰ ਮੁੰਬਈ ਦੀ ਖਾਦੀ ਲਾਊਂਜ ਵਿੱਚ ਇੰਟੀਰੀਅਰ ਡਿਜ਼ਾਈਨਿੰਗ ਦੇ ਕੰਮ ਦਾ ਠੇਕਾ ਦਿੱਤਾ। ਅਜਿਹਾ ਕਰਦਿਆਂ ਉਨ੍ਹਾਂ ਕੇਵੀਆਈਸੀ ਐਕਟ 1961 ਵਿਚਲੀਆਂ ਵਿਵਸਥਾਵਾਂ ਦੀ ਉਲੰਘਣਾ ਕੀਤੀ।’’ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ, ਦਿੱਲੀ ਦੇ ਉਪ ਰਾਜਪਾਲ ਨੂੰ ਫੌਰੀ ਅਹੁਦੇ ਤੋਂ ਲਾਂਭੇ ਕਰਕੇ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ। ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੇ ਸੀਨੀਅਰ ਵਕੀਲਾਂ ਨਾਲ ਸਲਾਹ ਮਸ਼ਵਰਾ ਕਰ ਰਹੀ ਹੈ ਤੇ ਜਲਦੀ ਹੀ ਕੋਰਟ ਦਾ ਰੁਖ਼ ਕੀਤਾ ਜਾਵੇਗਾ। ਸਿੰਘ ਨੇ ਕਿਹਾ, ‘‘ਦਿੱਲੀ ਦੇ ਉਪ ਰਾਜਪਾਲ ਆਪਣੇ ਗ਼ਲਤ ਕੰਮਾਂ ਤੋਂ ਨਹੀਂ ਭੱਜ ਸਕਦੇ। ਅਸੀਂ ਜਲਦੀ ਹੀ ਅਦਾਲਤ ਦਾ ਰੁਖ਼ ਕਰਾਂਗੇ, ਕਿਉੁਂਕਿ ਕੰਮ ਦਾ ਠੇਕਾ ਦੇਣ ਲਈ ਨੇਮਾਂ ਦੀ ਪਾਲਣਾ ਨਹੀਂ ਕੀਤੀ ਗਈ।’’ ਸੰਜੈ ਸਿੰਘ ਨੇ ਉਪ ਰਾਜਪਾਲ ਦਫ਼ਤਰ ਦੇ ਸਪਸ਼ਟੀਕਰਨ ਮਗਰੋਂ ਕਿਹਾ, ‘‘ਇਹ ਕਿਸ ਤਰ੍ਹਾਂ ਦਾ ਤਰਕ ਹੈ? ਸੌਰਵ ਭਾਰਦਵਾਜ, ਜੋ ਕੰਪਿਊਟਰ ਇੰਜਨੀਅਰ ਹਨ, ਕੇਂਦਰੀ ਵੀਜ਼ਾ ਆਈਟੀ ਕੰਮ ਬਿਲਕੁਲ ਮੁਫ਼ਤ ਕਰਨਾ ਚਾਹੁੰਦੇ ਹਨ। ਸਾਡੇ ਪ੍ਰਵੀਨ ਦੇਸ਼ਮੁੱਖ (ਆਪ ਵਿਧਾਇਕ), ਜੋ ਐੱਮਬੀਏ ਹਨ, ਪ੍ਰਧਾਨ ਮੰਤਰੀ ਦਫ਼ਤਰ ਦੇ ਪ੍ਰਬੰਧਨ ਦਾ ਕੰਮ ਮੁਫ਼ਤ ਵਿਚ ਵੇਖਣਾ ਚਾਹੁੰਦੇ ਹਨ…ਕੀ ਇਨ੍ਹਾਂ ਨੂੰ ਇਹ ਕੰਮ ਦਿੱਤੇ ਜਾਣਗੇ?’’ ਉਨ੍ਹਾਂ ਕਿਹਾ, ‘‘ਇਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਲੋੜੀਂਦੇ ਅਮਲ ਦੀ ਪਾਲਣ ਕੀਤੀ ਗਈ? ਕੀ ਕੋਈ ਟੈਂਡਰ ਦਿੱਤਾ ਗਿਆ ਜਾਂ ਸਾਰਿਆਂ ਨੂੰ ਖੁੱਲ੍ਹਾ ਸੱਦਾ ਸੀ। ਕੀ ਸਕਸੈਨਾ ਦੀ ਧੀ ਹੀ ਦੇਸ਼ ਵਿੱਚ ਇਕੋ ਇਕ ਇੰਟੀਰੀਅਰ ਡਿਜ਼ਾਈਨਰ ਸੀ।’’ ਸਿੰਘ ਨੇ ਕਿਹਾ ਕਿ ਸਕਸੈਨਾ ਦੀ ਧੀ ਨੇ ਨਾ ਸਿਰਫ਼ ਲਾਊਂਜ ਦੇ ਇੰਟੀਰੀਅਰ ਡਿਜ਼ਾਈਨ ਦਾ ਕੰਮ ਕੀਤਾ, ਬਲਕਿ ਉਸ ਨੂੰ ਪੇਸ਼ੇਵਰ ਲਾਭ ਦੇਣ ਲਈ ਉਹਦਾ ਨਾਂ ਵੀ ਲਾਊਂਜ ਦੀ ਉਦਘਾਟਨੀ ਪਲੇਟ ’ਤੇ ਲਿਖਿਆ ਗਿਆ। -ਪੀਟੀਆਈ