ਨਵੀਂ ਦਿੱਲੀ: ਭਾਰਤ ਜੋੜੋ ਯਾਤਰਾ ਦੀ 7 ਸਤੰਬਰ ਨੂੰ ਸ਼ੁਰੂਆਤ ਤੋਂ ਪਹਿਲਾਂ ਕਾਂਗਰਸ ਆਗੂ ਰਾਹੁਲ ਗਾਂਧੀ ਸ੍ਰੀਪੇਰੂੰਬਦੂਰ ’ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਯਾਦਗਾਰ ’ਤੇ ਹੋਣ ਵਾਲੀ ਪ੍ਰਾਰਥਨਾ ਸਭਾ ’ਚ ਹਿੱਸਾ ਲੈਣਗੇ। ਇਸ ਮਗਰੋਂ ਰਾਹੁਲ ਕੰਨਿਆਕੁਮਾਰੀ ’ਚ ਇਕ ਸਮਾਗਮ ’ਚ ਸ਼ਮੂਲੀਅਤ ਕਰਨਗੇ ਜਿਥੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਉਨ੍ਹਾਂ ਨੂੰ ਤਿਰੰਗਾ ਸੌਂਪਣਗੇ।
ਮਹਾਤਮਾ ਗਾਂਧੀ ਮੰਡਪਮ ’ਚ ਸਮਾਗਮ ਮਗਰੋਂ ਰਾਹੁਲ ਗਾਂਧੀ ਹੋਰ ਕਾਂਗਰਸ ਆਗੂਆਂ ਨਾਲ ਜਨਤਕ ਰੈਲੀ ਵਾਲੀ ਥਾਂ ’ਤੇ ਪੈਦਲ ਜਾਣਗੇ ਜਿਥੇ ਭਾਰਤ ਜੋੜੋ ਯਾਤਰਾ ਦਾ ਆਗਾਜ਼ ਕੀਤਾ ਜਾਵੇਗਾ। ਉਂਜ ਸੂਤਰਾਂ ਨੇ ਕਿਹਾ ਕਿ ਕੰਨਿਆਕੁਮਾਰੀ ਤੋਂ ਸ੍ਰੀਨਗਰ ਤੱਕ ਦੀ 3570 ਕਿਲੋਮੀਟਰ ਦੀ ਯਾਤਰਾ 8 ਸਤੰਬਰ ਨੂੰ ਸਵੇਰੇ 7 ਵਜੇ ਸ਼ੁਰੂ ਹੋਵੇਗੀ। ‘ਪਦਯਾਤਰਾ’ 11 ਸਤੰਬਰ ਨੂੰ ਕੇਰਲਾ ਪਹੁੰਚੇਗੀ ਅਤੇ ਅਗਲੇ 18 ਦਿਨਾਂ ਤੱਕ ਪੂਰੇ ਸੂਬੇ ’ਚੋਂ ਹੁੰਦੀ ਹੋਈ 30 ਸਤੰਬਰ ਨੂੰ ਕਰਨਾਟਕ ਦਾਖ਼ਲ ਹੋਵੇਗੀ। ਕਰਨਾਟਕ ’ਚ ਇਹ ਯਾਤਰਾ 21 ਦਿਨਾਂ ਤੱਕ ਰਹੇਗੀ। ਰਾਹੁਲ ਗਾਂਧੀ ਸਮੇਤ ਪਾਰਟੀ ਦੇ 118 ਆਗੂ ‘ਭਾਰਤ ਯਾਤਰੀ’ ਵਜੋਂ ਕੰਨਿਆਕੁਮਾਰੀ ਤੋਂ ਸ੍ਰੀਨਗਰ ਦੀ ਪੈਦਲ ਯਾਤਰਾ ਕਰਨਗੇ। ਉਨ੍ਹਾਂ ਵੱਲੋਂ ਔਸਤਨ ਇਕ ਦਿਨ ’ਚ 20 ਤੋਂ 25 ਕਿਲੋਮੀਟਰ ਦਾ ਸਫ਼ਰ ਤੈਅ ਕੀਤਾ ਜਾਵੇਗਾ। ਕੰਨਿਆਕੁਮਾਰੀ ਤੋਂ ਸ਼ੁਰੂ ਹੋਣ ਵਾਲੀ ਯਾਤਰਾ ਤਿਰੂਵਨੰਤਪੁਰਮ, ਕੋਚੀ, ਨੀਲਾਂਬਰ, ਮੈਸੂਰ, ਬੇਲਾਰੀ, ਰਾਇਚੂਰ, ਵਿਕਾਰਾਬਾਦ, ਨਾਂਦੇੜ, ਜਲਗਾਉਂ, ਇੰਦੌਰ, ਕੋਟਾ, ਦੌਸਾ, ਅਲਵਰ, ਬੁਲੰਦਸ਼ਹਿਰ, ਦਿੱਲੀ, ਅੰਬਾਲਾ, ਪਠਾਨਕੋਟ, ਜੰਮੂ ਤੋਂ ਹੁੰਦੀ ਹੋਈ ਸ੍ਰੀਨਗਰ ’ਚ ਮੁਕੰਮਲ ਹੋਵੇਗੀ।
ਯਾਤਰਾ ’ਚ ਹਿੱਸਾ ਲੈਣ ਵਾਲਿਆਂ ਨੂੰ ‘ਭਾਰਤ ਯਾਤਰੀ’, ‘ਅਤਿਥੀ ਯਾਤਰੀ’ ਅਤੇ ‘ਪ੍ਰਦੇਸ਼ ਯਾਤਰੀ’ ਦੇ ਵਰਗਾਂ ’ਚ ਵੰਡਿਆ ਗਿਆ ਹੈ। ਇਸ ਦੇ ਨਾਲ ਵਾਲੰਟੀਅਰ ਯਾਤਰੀ ਵੀ ਮੌਜੂਦ ਰਹਿਣਗੇ। ਯਾਤਰਾ ਦੀ ਟੈਗਲਾਈਨ ‘ਮਿਲੇ ਕਦਮ, ਜੁੜੇ ਵਤਨ’ ਰੱਖੀ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਾਮੇਸ਼ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਜੋੜੋ ਯਾਤਰਾ ਦੀਆਂ ਤਿਆਰੀਆਂ ਲਈ ਉਹ ਦਿਗਵਿਜੈ ਸਿੰਘ ਨਾਲ ਤਿੰਨ ਸੂਬਿਆਂ ’ਚ ਗਏ ਜਿਥੇ ਲੋਕਾਂ ਅਤੇ