ਕੋਚੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ਡਿਜ਼ਾਈਨ ਤੇ ਤਿਆਰ ਕੀਤਾ ਪਹਿਲਾ ਜੰਗੀ ਬੇੜਾ ਆਈਐੱਨਐੱਸ ਵਿਕਰਾਂਤ ਅੱਜ ਰਸਮੀ ਤੌਰ ’ਤੇ ਜਲ ਸੈਨਾ ਨੂੰ ਸੌਂਪ ਦਿੱਤਾ। ਇਸ ਬੇੜੇ ਦੇ ਨਿਰਮਾਣ ਨਾਲ ਭਾਰਤ ਉਨ੍ਹਾਂ ਕੁਝ ਮੁਲਕਾਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ, ਜੋ ਘਰੇਲੂ ਪੱਧਰ ’ਤੇ ਅਜਿਹੇ ਵੱਡੇ ਜੰਗੀ ਬੇੜੇ ਤਿਆਰ ਕਰਨ ਦੀ ਸਮਰੱਥਾ ਰੱਖਦੇ ਹਨ। ਸ੍ਰੀ ਮੋਦੀ, ਜਿਨ੍ਹਾਂ ਛਤਰਪਤੀ ਸ਼ਿਵਾਜੀ ਮਹਾਰਾਜ ਤੋਂ ਪ੍ਰੇਰਿਤ ਜਲ ਸੈਨਾ ਦੇ ਨਵੇਂ ਝੰਡੇ ਦੀ ਘੁੰਡ ਚੁਕਾਈ ਵੀ ਕੀਤੀ, ਨੇ ਕਿਹਾ ਕਿ ਦੇਸ਼ ‘ਗ਼ੁਲਾਮੀ ਦੇ ਬੋਝ’ ਤੋਂ ਮੁਕਤ ਹੋ ਗਿਆ ਹੈ। ਕੋਚੀਨ ਸ਼ਿਪਯਾਰਡ ਲਿਮਟਿਡ ਉੱਤੇ ਹੋਏ ਸਮਾਗਮ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਜਲਸੈਨਾ ਮੁਖੀ ਆਰ.ਹਰੀ ਕੁਮਾਰ ਤੇ ਕੁਝ ਹੋਰ ਮਹਿਮਾਨ ਮੌਜੂਦ ਸਨ।
ਸ੍ਰੀ ਮੋਦੀ ਨੇ ਕਿਹਾ ਕਿ ਵਿਕਰਾਂਤ, ਜਿਸ ਦਾ ਮਤਲਬ ਜੇਤੂ ਹੈ, ਬਹੁਤ ਵੱਡਾ, ਵਿਸ਼ਾਲ ਤੇ ਭਾਰੀ ਹੈ। ਉਨ੍ਹਾਂ ਕਿਹਾ, ‘‘ਵਿਕਰਾਂਤ ਸਿਰਫ਼ ਇਕ ਜੰਗੀ ਬੇੜਾ ਨਹੀਂ ਬਲਕਿ ਇਹ ਭਾਰਤੀਆਂ ਦੇ ਹੁਨਰ ਤੇ ਪ੍ਰਤਿਭਾ ਦੀ ਸ਼ਾਹਦੀ ਭਰਦਾ ਹੈ। ਪ੍ਰਧਾਨ ਮੰਤਰੀ ਨੇ ਏਅਰਕ੍ਰਾਫਟ ਕਰੀਅਰ ਦੀਆਂ ਕੁਝ ਖੂਬੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਜੰਗੀ ਬੇੜੇ ਨੂੰ ‘ਤਰਦਾ ਹਵਾਈ ਅੱਡਾ, ਤਰਦਾ ਸ਼ਹਿਰ’ ਦੱਸਿਆ। ਉਨ੍ਹਾਂ ਕਿਹਾ ਕਿ
ਜੰਗੀ ਬੇੜੇ ਵਿੱਚ ਹੀ ਪੈਦਾ ਹੁੰਦੀ ਬਿਜਲੀ ਨਾਲ 5000 ਘਰਾਂ ਨੂੰ ਰੁਸ਼ਨਾਇਆ ਜਾ ਸਕਦਾ ਹੈ। ਸ੍ਰੀ ਮੋਦੀ ਨੇ ਜਲ ਸੈਨਾ ਦਾ ਨਵਾਂ ਝੰਡਾ ਮਹਾਨ ਮਰਾਠਾ ਸਮਰਾਟ ਨੂੰ ਸਮਰਪਿਤ ਕਰਦਿਆਂ ਕਿਹਾ, ‘‘ਅੱਜ ਦੇ ਇਸ ਇਤਿਹਾਸਕ ਦਿਨ ਭਾਰਤ ਗ਼ੁਲਾਮੀ ਦੇ ਨਿਸ਼ਾਨ ਤੇ ਬੋਝ ਤੋਂ ਮੁਕਤ ਹੋ ਗਿਆ ਹੈ। ਭਾਰਤੀ ਜਲ ਸੈਨਾ ਨੂੰ ਅੱਜ ਤੋਂ ਨਵਾਂ ਝੰਡਾ ਮਿਲਿਆ ਹੈ। ਹੁਣ ਤੱਕ ਭਾਰਤੀ ਜਲ ਸੈਨਾ ਦੇ ਝੰਡੇ ’ਤੇ ਗੁਲਾਮੀ ਦੀ ਪਛਾਣ ਮੌਜੂਦ ਸੀ। ਪਰ ਅੱਜ ਤੋਂ ਬਾਅਦ, ਛਤਰਪਤੀ ਸ਼ਿਵਾਜੀ ਤੋਂ ਪ੍ਰੇਰਿਤ, ਜਲ ਸੈਨਾ ਦਾ ਨਵਾਂ ਝੰਡਾ ਸਮੁੰਦਰ ਤੇ ਆਕਾਸ਼ ਵਿੱਚ ਲਹਿਰਾਏਗਾ।’’ ਪ੍ਰਧਾਨ ਮੰਤਰੀ ਨੇ ਆਈਐੱਨਐੱਸ ਵਿਕਰਾਂਤ ਨੂੰ ਜਲ ਸੈਨਾ ਵਿੱਚ ਰਸਮੀ ਤੌਰ ’ਤੇ ਸ਼ਾਮਲ ਕਰਨ ਲਈ ਧਾਤ ਦੀ ਬਣੀ ਪਲੇਟ ਤੋਂ ਪਰਦਾ ਹਟਾਇਆ। ਕਾਬਿਲੇਗੌਰ ਹੈ ਕਿ ਆਈਐੱਨਐੈੱਸ ਵਿਕਰਾਂਤ ਦਾ ਨਾਮ ਇਸੇ ਨਾਂ ਦੇ ਬੇੜੇ ’ਤੇ ਰੱਖਿਆ ਗਿਆ ਹੈ, ਜਿਸ ਨੇ 1971 ਦੀ ਭਾਰਤ-ਪਾਕਿ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਸੀ।