ਮਾਨਸਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਤੈਅ ਪ੍ਰੋਗਰਾਮ ਮੁਤਾਬਕ ਅੱਜ ਵਿਦੇਸ਼ ਜਾਣ ਲਈ ਘਰੋਂ ਰਵਾਨਾ ਹੋ ਗਏ ਹਨ। ਇਸ ਤੋਂ ਪਹਿਲਾਂ ਬੀਤੀ ਦੇਰ ਰਾਤ ਗਾਇਕ ਦੇ ਪਿਤਾ ਬਲਕੌਰ ਸਿੰਘ ਨੂੰ ਈ-ਮੇਲ ਰਾਹੀਂ ਜਾਨੋਂ ਮਾਰਨ ਦੀ ਧਮਕੀ ਮਿਲੀ। ਪਰਿਵਾਰ ਨੇ ਅੱਜ ਸਵੇਰੇ ਇਸ ਦੀ ਸੂਚਨਾ ਮਾਨਸਾ ਦੇ ਐੱਸਐੱਸਪੀ ਗੌਰਵ ਤੂਰਾ ਨੂੰ ਦਿੱਤੀ, ਜਿਸ ਮਗਰੋਂ ਪੁਲੀਸ ਜਾਂਚ ਵਿੱਚ ਜੁੱਟ ਗਈ ਹੈ।
ਐੱਸਐੱਸਪੀ ਗੌਰਵ ਤੂਰਾ ਨੇ ਦੱਸਿਆ ਕਿ ਮੂਸੇਵਾਲਾ ਦੇ ਪਿਤਾ ਨੂੰ ਗਾਇਕ ਦੀ ਈ-ਮੇਲ ਜ਼ਰੀਏ ਧਮਕੀ ਮਿਲੀ ਹੈ। ਉਨ੍ਹਾਂ ਕਿਹਾ ਕਿ ਤਕਨੀਕੀ ਮਾਹਿਰਾਂ ਦੀ ਮਦਦ ਨਾਲ ਪੁਲੀਸ ਇਸ ਈ-ਮੇਲ ਦੀ ਪੜਤਾਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੂਸੇਵਾਲਾ ਦੇ ਮਾਪਿਆਂ ਦੀ ਸੁਰੱਖਿਆ ਪਹਿਲਾਂ ਹੀ ਵਧਾ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਸਿੱਧੂ ਮੂਸੇਵਾਲਾ ਦੀ ਈ-ਮੇਲ ’ਤੇ ਸ਼ੂਟਰ ਏਜੇ ਲਾਰੈਂਸ ਬਿਸ਼ਨੋਈ ਨੇ ਧਮਕੀ ਭੇਜੀ ਹੈ, ਜਿਸ ਵਿੱਚ ਗੈਂਗ ਨੇ ਪੰਜਾਬੀ ਗਾਇਕ ਦੇ ਪਿਤਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਬਾਰੇ ਕੁੱਝ ਨਾ ਬੋਲਣ। ਉਨ੍ਹਾਂ ਕਿਹਾ ਕਿ ਸ਼ੂਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਕੁੱਸਾ ਦਾ ਝੂੁਠਾ ਪੁਲੀਸ ਮੁਕਾਬਲਾ ਸਿੱਧੂ ਮੂਸੇਵਾਲਾ ਦੇ ਪਿਤਾ ਕਾਰਨ ਹੀ ਹੋਇਆ ਹੈ। ਧਮਕੀ ਵਿੱਚ ਲਿਖਿਆ ਕਿ ਉਹ ਭਾਰਤ ਦੇ ਮਾਲਕ ਨਹੀਂ ਹਨ ਕਿ ਕਿਸੇ ਦੀ ਸੁਰੱਖਿਆ ਵਧਾਉਣ ਜਾਂ ਕਿਸੇ ਦੀ ਘਟਾਉਣ ਬਾਰੇ ਵਾਰ-ਵਾਰ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਤੁਸੀਂ ਜਿੰਨਾ ਸਾਡੇ ਖ਼ਿਲਾਫ਼ ਬੋਲੋਗੇ, ਤੁਹਾਡੀ ਹਾਲਤ ਸਿੱਧੂ ਨਾਲੋਂ ਵੀ ਭਿਆਨਕ ਹੋਵੇਗੀ।’’ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਧਮਕੀ ਮਿਲਣ ਮਗਰੋਂ ਕਿਹਾ ਕਿ ਉਨ੍ਹਾਂ ਕੋਲ ਗੁਆਉਣ ਲਈ ਕੁੱਝ ਨਹੀਂ ਹੈ ਅਤੇ ਨਾ ਹੀ ਹੁਣ ਉਹ ਕਿਸੇ ਧਮਕੀ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਪੁੱਤ ਨੂੰ ਇਨਸਾਫ਼ ਦਿਵਾਉਣ ਲਈ ਉਹ ਹਰ ਲੜਾਈ ਲੜਨਗੇ ਅਤੇ ਚੁੱਪ ਨਹੀਂ ਬੈਠਣਗੇ। ਇਸੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਦੇ ਵਿਦੇਸ਼ੀ ਦੌਰੇ ਦੀ ਪੁਸ਼ਟੀ ਕਰਦਿਆਂ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਉਹ ਜਲਦੀ ਹੀ ਵਾਪਸ ਆਉਣਗੇ। ਕੁਝ ਦਿਨ ਪਹਿਲਾਂ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਸੀ ਕਿ ਮੂਸੇਵਾਲਾ ਦਾ ਵਿਦੇਸ਼ ਵਿਚਲਾ ਕਾਰੋਬਾਰ ਦੇਖਣ ਲਈ ਉਹ ਵਿਦੇਸ਼ ਜਾ ਸਕਦੇ ਹਨ। ਸਿੱਧੂ ਮੂਸੇਵਾਲਾ ਦਾ ਕੈਨੇਡਾ ਵਿੱਚ ਵੀ ਕਾਰੋਬਾਰ ਸੀ ਅਤੇ ਉਹ ਕਤਲ ਦੀ ਵਾਰਦਾਤ ਤੋਂ ਇੱਕ ਹਫ਼ਤਾ ਪਹਿਲਾਂ ਹੀ ਦੁਬਈ ਜਾ ਕੇ ਆਇਆ ਸੀ।