ਚੰਡੀਗਡ਼੍ਹ : ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਡਾ. ਦਲਜੀਤ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਹ ਐੱਸਵਾਈਐੱਲ ਮੁੱਦੇ ’ਤੇ ਸਰਬ ਪਾਰਅੀ ਮੀਟਿੰਗ ਬੁਲਾ ਕੇ ਆਪਣਾ ਸਟੈਂਡ ਸਪਸ਼ਟ ਕਰਨ। ਅਕਾਲੀ ਆਗੂਆਂ ਨੇ ਕਿਹਾ ਕਿ ਪਹਿਲਾਂ ਵੀ ਸਰਕਾਰਾਂ ਇਸ ਮਾਮਲੇ ’ਚ ਸਰਬ ਪਾਰਟੀ ਬੈਠਕ ਬੁਲਾਉਂਦੀਆਂ ਰਹੀਆਂ ਹਨ। ਚੰਦੂਮਾਜਰਾ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਹਿੰਦੇ ਹਨ ਕਿ ਉਨ੍ਹਾਂ ਕੋਲ ਐੱਸਵਾਈਐੱਲ ਮੁੱਦੇ ਦਾ ਹੱਲ ਹੈ। ਪ੍ਰਧਾਨ ਮੰਤਰੀ ਜਦੋਂ ਚਾਹ ’ਤੇ ਬੁਲਾਉਣਗੇ ਤਾਂ ਉਹ ਦੱਸ ਦੇਣਗੇ, ਉਨ੍ਹਾਂ ਕਿਹਾ ਕਿ ਸਵਾਲ ਇਹ ਉੱਠਦਾ ਹੈ ਕਿ ਕੀ ਪੰਜਾਬ ਦੇ 92 ‘ਆਪ’ ਵਿਧਾਇਕਾਂ ਨਾਲ ਵੀ ਕੇਜਰੀਵਾਲ ਨੇ ਇਸ ਹੱਲ ’ਤੇ ਚਰਚਾ ਕੀਤੀ ਹੈ?
ਪਾਰਟੀ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੰਦੂਮਾਜਰਾ ਨੇ ‘ਆਪ’ ਵਿਧਾਇਕਾਂ ਨੂੰ ਸਵਾਲ ਪੁੱਛਿਆ ਕਿ ਕੀ ਉਨ੍ਹਾਂ ਨੂੰ ਪਤਾ ਹੈ ਕਿ ਕੇਜਰੀਵਾਲ ਕੋਲ ਹੱਲ ਹੈ, ਕੀ ਕਦੀ ਦਿੱਲੀ ਦੇ ਮੁੱਖ ਮੰਤਰੀ ਨੇ ਉਨ੍ਹਾਂ ਨਾਲ ਚਰਚਾ ਕੀਤੀ? ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਧਾਇਕਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਕੇਜਰੀਵਾਲ ਉਨ੍ਹਾਂ ਨੂੰ ਕਿਸ ਭਾਅ ’ਚ ਵੇਚਣਾ ਚਾਹੁੰਦੇ ਹਨ। ਅਕਾਲੀ ਨੇਤਾ ਨੇ ਕਿਹਾ ਕਿ ਸਰਕਾਰ ਦੀ ਮਨਸ਼ਾ ਇਸ ਗੱਲ ਤੋਂ ਹੀ ਪਤਾ ਲੱਗ ਜਾਂਦੀ ਹੈ ਕਿ ਸੁਪਰੀਮ ਕੋਰਟ ’ਚ ਐੱਸਵਾਈਐੱਲ ਮੁੱਦੇ ’ਤੇ ਕੇਸ ਦੌਰਾਨ ਕੋਈ ਵੀ ਸੀਨੀਅਰ ਵਕੀਲ ਪੰਜਾਬ ਸਰਕਾਰ ਵੱਲੋਂ ਪੇਸ਼ ਨਹੀਂ ਹੋਇਆ। ਇਹ ਕੇਸ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਪਰ ਅੱਜ ਤਕ ਅਜਿਹਾ ਨਹੀਂ ਹੋਇਆ। ਫਿਰ ਚਾਹੇ ਅਕਾਲੀ ਦਲ ਦੀ ਸਰਕਾਰ ਰਹੀ ਹੋਵੇ ਜਾਂ ਕੈਪਟਨ ਅਮਰਿੰਦਰ ਸਿੰਘ ਦੀ।