ਨਵੀਂ ਦਿੱਲੀ, ਜੇਐੱਨਐੱਨ। ਅਜੈ ਦੇਵਗਨ ਬਾਰੇ ਤਾਂ ਹਰ ਕੋਈ ਜਾਣਦਾ ਹੈ ਕਿ ਉਹ ਇਕ ਵਧੀਆ ਕਲਾਕਾਰ ਹੋਣ ਦੇ ਨਾਲ-ਨਾਲ ਨਿਰਮਾਤਾ-ਨਿਰਦੇਸ਼ਕ ਵੀ ਹੈ ਪਰ ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਉਹ ਮਲਟੀਪਲੈਕਸ ਚੇਨ ਦੇ ਮਾਲਕ ਵੀ ਹਨ। ਅਜੈ ਦੀ ਥੀਏਟਰ ਚੇਨ ਦਾ ਨਾਂ NY ਸਿਨੇਮਾਜ਼ ਹੈ। ਹੁਣ ਉਹ ਇਸਨੂੰ ਅਹਿਮਦਾਬਾਦ ਵਿੱਚ ਲਾਂਚ ਕਰ ਰਹੇ ਹਨ।
ਮਲਟੀਪਲੈਕਸ ਵਿੱਚ 4 ਆਡੀਟੋਰੀਅਮ ਹਨ
ਅਹਿਮਦਾਬਾਦ ਦੇ ਮੋਟੇਰਾ ਰੋਡ ‘ਤੇ ਸਥਿਤ ਇਹ ਸਿਨੇਮਾ ਹਾਲ 2500 ਵਰਗ ਫੁੱਟ ਵਿਚ ਫੈਲਿਆ ਹੋਇਆ ਹੈ ਅਤੇ ਇਸ ਵਿਚ ਚਾਰ ਆਡੀਟੋਰੀਅਮ ਹਨ। ਇਸ ਤੋਂ ਇਲਾਵਾ ਇੱਕ ਲਾਉਂਜ, ਲਾਈਵ ਕਿਚਨ ਤੇ ਮੋਕਟੇਲ ਬਾਰ ਵੀ ਬਣਾਇਆ ਗਿਆ ਹੈ। ਇਸ ਦੀ ਤਿਆਰੀ ਅਹਿਮਦਾਬਾਦ ਦੇ ਲੋਕਾਂ ਦੇ ਟੇਸਟ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ।
ਟੀਮ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਲਟੀਪਲੈਕਸ ਵਿੱਚ ਆਧੁਨਿਕ ਡਾਲਬੀ ਐਟਮਸ ਸਕਰੀਨਾਂ ਫਿੱਟ ਕੀਤੀਆਂ ਗਈਆਂ ਹਨ ਅਤੇ ਇਸ ਵਿੱਚ 320 ਸੀਟਾਂ ਦੀ ਸਮਰੱਥਾ ਹੈ, ਜਿਨ੍ਹਾਂ ਵਿੱਚੋਂ 75 ਰੀਕਲਾਈਨਰ ਹਨ। ਇਨ੍ਹਾਂ ਚਾਰ ਸਕਰੀਨਾਂ ‘ਤੇ 3ਡੀ ਫਿਲਮਾਂ ਵੀ ਚਲਾਈਆਂ ਜਾ ਸਕਦੀਆਂ ਹਨ। NY ਸਿਨੇਮਾ ਪਹਿਲਾਂ ਹੀ ਗੁਜਰਾਤ ਦੇ ਭੁਜ ਅਤੇ ਸੁਰਿੰਦਰ ਨਗਰ ਵਿੱਚ ਮੌਜੂਦ ਹੈ। ਅਹਿਮਦਾਬਾਦ ਤੋਂ ਬਾਅਦ ਆਨੰਦ, ਸੂਰਤ ਅਤੇ ਰਾਜਕੋਟ ‘ਚ ਲਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅਜੈ ਨੇ ਦੋਵਾਂ ਬੱਚਿਆਂ ਦੇ ਨਾਂ ਦੇ ਪਹਿਲੇ ਅੱਖਰਾਂ ਨੂੰ ਮਿਲਾ ਕੇ ਇਸ ਮਲਟੀਪਲੈਕਸ ਚੇਨ ਦਾ ਨਾਂ ਰੱਖਿਆ। ਇਹ 2018 ਵਿੱਚ ਸ਼ੁਰੂ ਕੀਤਾ ਗਿਆ ਸੀ।