ਓਨਟਾਰੀਓ : ਵਿੰਡਸਰ, ਓਨਟਾਰੀਓ ਸਥਿਤ ਪਬਲਿਕ ਹੈਲਥ ਯੂਨਿਟ ਦਾ ਕਹਿਣਾ ਹੈ ਕਿ ਟੀਕਾਕਰਣ ਦਾ ਰਿਕਾਰਡ ਮੁਕੰਮਲ ਨਾ ਹੋਣ ਦੀ ਸੂਰਤ ਵਿੱਚ ਉਸ ਵੱਲੋਂ 1500 ਸੈਕੰਡਰੀ ਸਕੂਲ ਵਿਦਿਆਰਥੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਵਿੰਡਸਰ-ਐਸੈਕਸ ਹੈਲਥ ਯੂਨਿਟ ਨੇ ਦੱਸਿਆ ਕਿ ਪੂਰਾ ਹਫਤਾ ਉਨ੍ਹਾਂ ਵੱਲੋਂ ਰੁਟੀਨ ਇਮਿਊਨਾਈਜ਼ੇਸ਼ਨ ਲਈ ਕਲੀਨਿਕਸ ਖੋਲ੍ਹੇ ਜਾ ਰਹੇ ਹਨ ਤੇ ਇੱਕ ਵਾਰੀ ਵਿਦਿਆਰਥੀਆਂ ਦਾ ਟੀਕਾਕਰਣ ਸਬੰਧੀ ਰਿਕਾਰਡ ਅਪਡੇਟ ਹੋਣ ਤੋਂ ਬਾਅਦ ਉਹ ਸਕੂਲ ਪਰਤ ਸਕਣਗੇ।ਵਿਦਿਆਰਥੀ ਆਪ ਜਾਂ ਉਨ੍ਹਾਂ ਦੇ ਮਾਪੇ ਹੈਲਥ ਯੂਨਿਟ ਦੇ ਆਫਿਸ ਵਿੱਚ ਨਿਜੀ ਤੌਰ ਉੱਤੇ ਇਹ ਅਪਡੇਟ ਕੀਤਾ ਗਿਆ ਰਿਕਾਰਡ ਜਮ੍ਹਾਂ ਕਰਵਾ ਸਕਦੇ ਹਨ ਤੇ ਜਾਂ ਫਿਰ ਪ੍ਰਾਇਮਰੀ ਹੈਲਥ ਕੇਅਰ ਮੁਹੱਈਆ ਕਰਵਾਉਣ ਵਾਲਿਆਂ ਵੱਲੋਂ ਉਨ੍ਹਾਂ ਨੂੰ ਇਹ ਫੈਕਸ ਵੀ ਕੀਤਾ ਜਾ ਸਕਦਾ ਹੈ।
ਵਿਦਿਆਰਥੀਆਂ ਦੀ ਇਹ ਸਸਪੈਂਸ਼ਨ ਉਸ ਸਮੇਂ ਹੋਈ ਜਦੋਂ ਅਗਸਤ ਵਿੱਚ ਲੱਗਭਗ 8,000 ਵਿਦਿਆਰਥੀਆਂ ਨੂੰ ਹੈਲਥ ਯੂਨਿਟ ਵੱਲੋਂ ਨੋਟਿਸ ਜਾਰੀ ਕੀਤਾ ਗਿਆ। ਇਸ ਨੋਟਿਸ ਵਿੱਚ ਇਨ੍ਹਾਂ ਵਿਦਿਆਰਥੀਆਂ ਨੂੰ ਸੋਮਵਾਰ ਤੱਕ ਆਪਣਾ ਰਿਕਾਰਡ ਅਪਡੇਟ ਕਰਵਾਉਣ ਲਈ ਆਖਿਆ ਗਿਆ ਜਾਂ ਫਿਰ 20 ਦਿਨਾਂ ਲਈ ਸਸਪੈਂਸ਼ਨ ਦਾ ਸਾਹਮਣਾ ਕਰਨ ਲਈ ਆਖਿਆ ਗਿਆ।
ਓਨਟਾਰੀਓ ਦੇ ਇਮਿਊਨਾਈਜ਼ੇਸ਼ਨ ਆਫ ਸਕੂਲ ਪਿਊਪਿਲਜ਼ ਐਕਟ ਅਨੁਸਾਰ ਸਕੂਲ ਅਟੈਂਡ ਕਰਨ ਲਈ ਵਿਦਿਆਰਥੀਆਂ ਦਾ ਖਾਸ ਬਿਮਾਰੀਆਂ, ਜਿਨ੍ਹਾਂ ਵਿੱਚ ਪੋਲੀਓ, ਮੀਜ਼ਲਜ਼, ਟੈਟਨਸ, ਮੰਪਸ ਤੇ ਡਿਪਥੀਰੀਆ ਆਦਿ ਸ਼ਾਮਲ ਹਨ, ਸਬੰਧੀ ਟੀਕਾਕਰਣ ਹੋਇਆ ਹੋਣਾ ਜ਼ਰੂਰੀ ਹੈ। ਕੁੱਝ ਧਾਰਮਿਕ ਜਾਂ ਮੈਡੀਕਲ ਕਾਰਨਾਂ ਕਰਕੇ ਇਨ੍ਹਾਂ ਵਿੱਚ ਛੋਟ ਦਿੱਤੀ ਜਾ ਸਕਦੀ ਹੈ।
ਪ੍ਰੋਵਿੰਸ ਭਰ ਦੀਆਂ ਹੈਲਥ ਯੂਨਿਟਸ ਦਾ ਕਹਿਣਾ ਹੈ ਕਿ ਰੁਟੀਨ ਇਮਿਊਨਾਈਜ਼ੇਸ਼ਨਜ਼ ਤੇ ਇਸ ਨਾਲ ਸਬੰਧਤ ਪਬਲਿਕ ਹੈਲਥ ਰਿਕਾਰਡ, ਕੋਵਿਡ-19 ਮਹਾਂਮਾਰੀ ਦੇ ਦੋ ਸਾਲ ਤੱਕ ਚੱਲਣ ਕਾਰਨ ਪੂਰਾ ਨਹੀਂ ਹੋ ਸਕਿਆ। ਇਸ ਲਈ ਹੀ ਹੈਲਥ ਯੂਨਿਟਸ ਵੱਲੋਂ ਵਿਦਿਆਰਥੀਆਂ ਦਾ ਰਿਕਾਰਡ ਪੂਰਾ ਕਰਨ ਲਈ ਕਲੀਨਿਕ ਚਲਾਏ ਜਾ ਰਹੇ ਹਨ।
ਟੀਕਾਕਰਣ ਰਿਕਾਰਡ ਪੂਰਾ ਨਾ ਹੋਣ ਕਾਰਨ 1500 ਸੈਕੰਡਰੀ ਸਕੂਲ ਵਿਦਿਆਰਥੀਆਂ ਨੂੰ ਕੀਤਾ ਗਿਆ ਸਸਪੈਂਡ
