ਕਿਊਬਿਕ: ਪਿਏਰ ਪੌਲੀਏਵਰ ਨੂੰ ਕੰਜ਼ਰਵੇਟਿਵ ਪਾਰਟੀ ਦਾ ਨਵਾਂ ਆਗੂ ਚੁਣ ਲਏ ਜਾਣ ਤੋਂ ਬਾਅਦ ਕਿਊਬਿਕ ਤੋਂ ਐਮਪੀ ਐਲੇਨ ਰੇਅਜ਼ ਨੇ ਆਖਿਆ ਕਿ ਉਹ ਕੰਜ਼ਰਵੇਟਿਵ ਕਾਕਸ ਛੱਡ ਕੇ ਆਜ਼ਾਦ ਐਮਪੀ ਵਜੋਂ ਬੈਠਣਗੇ।
ਇੱਕ ਬਿਆਨ ਵਿੱਚ ਰੇਅਜ਼ ਨੇ ਆਖਿਆ ਕਿ ਉਹ ਸਾਰੇ ਮੈਂਬਰਾਂ ਦੇ ਫੈਸਲੇ ਦੀ ਕਦਰ ਕਰਦੇ ਹਨ ਪਰ ਉਨ੍ਹਾਂ ਦੇ ਕੁੱਝ ਸਿਆਸੀ ਵਿਚਾਰ, ਕਦਰਾਂ ਕੀਮਤਾਂ ਨਵੇਂ ਰਾਹ ਦੇ ਨਾਲ ਮੇਲ ਨਹੀਂ ਖਾਂਦੀਆਂ, ਇਸ ਲਈ ਉਨ੍ਹਾਂ ਨੂੰ ਇਹ ਫੈਸਲਾ ਕਰਨਾ ਪਿਆ ਹੈ। ਜਿ਼ਕਰਯੋਗ ਹੈ ਕਿ ਰੇਅਜ਼ ਨੇ ਲੀਡਰਸਿ਼ਪ ਦੌੜ ਵਿੱਚ ਜੀਨ ਚਾਰੈਸਟ ਦਾ ਸਾਥ ਦਿੱਤਾ ਸੀ।ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਮਨ ਵਿੱਚ ਕਿਸੇ ਲਈ ਕੋਈ ਕੜਵਾਹਟ ਨਹੀਂ ਹੈ ਪਰ ਉਹ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਕਰਨੀ ਜਾਰੀ ਰੱਖਣਗੇ।
ਰੇਅਜ਼ ਨੇ ਆਖਿਆ ਕਿ ਮੰਗਲਵਾਰ ਨੂੰ ਉਨ੍ਹਾਂ ਨੇ ਹਾਊਸ ਆਫ ਕਾਮਨਜ਼ ਦੇ ਸਪੀਕਰ ਨੂੰ ਲਿਖ ਕੇ ਇਹ ਸੂਚਿਤ ਕੀਤਾ ਸੀ ਕਿ ਉਹ ਆਜ਼ਾਦ ਐਮਪੀ ਵਜੋਂ ਬੈਠਣਾ ਚਾਹੁੰਦੇ ਹਨ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਪ੍ਰੋਗਰੈਸਿਵ ਕੰਜ਼ਰਵੇਟਿਵ ਹੋਣ ਉੱਤੇ ਮਾਣ ਹੈ ਤੇ ਉਹ ਆਪਣੇ ਹਲਕੇ ਰਿਚਮੰਡ-ਆਰਥਾਬਾਸਕਾ ਦੇ ਵਾਸੀਆਂ ਦੀ ਸੇਵਾ ਕਰਦੇ ਰਹਿਣਗੇ। ਉਹ ਪਹਿਲੀ ਵਾਰੀ 2015 ਵਿੱਚ ਐਮਪੀ ਚੁਣੇ ਗਏ ਸਨ। ਫਰਵਰੀ ਤੱਕ ਉਹ ਪਾਰਟੀ ਦੇ ਡਿਪਟੀ ਆਗੂ ਤੇ ਕਿਊਬਿਕ ਲੈਫਟੀਨੈਂਟ ਰਹੇ ਤੇ ਫਿਰ ਉਨ੍ਹਾਂ ਆਪਣਾ ਅਹੁਦਾ ਛੱਡਦਿਆਂ ਆਖਿਆ ਸੀ ਕਿ ਉਹ ਲੀਡਰਸਿ਼ਪ ਦੌੜ ਉੱਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ।ਸੱਤ ਮਹੀਨੇ ਚੱਲੀ ਕੈਂਪੇਨ ਵਿੱਚ ਰੇਅਜ਼ ਨੇ ਆਪਣਾ ਸਾਰਾ ਜ਼ੋਰ ਦੋ ਦਰਜਨ ਕੰਜ਼ਰਵੇਟਿਵ ਕਾਕਸ ਮੈਂਬਰਾਂ ਸਮੇਤ ਚਾਰੈਸਟ ਪਿੱਛੇ ਲਾਇਆ ਸੀ।
ਪੌਲੀਏਵਰ ਦੇ ਜਿੱਤਣ ਤੋਂ ਬਾਅਦ ਕਿਊਬਿਕ ਦੇ ਐਮਪੀ ਨੇ ਛੱਡਿਆ ਕੰਜ਼ਰਵੇਟਿਵ ਕਾਕਸ
