ਓਟਵਾ: ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 19 ਸਤੰਬਰ, ਜਿਸ ਦਿਨ ਮਹਾਰਾਣੀ ਐਲਿਜ਼ਾਬੈੱਥ ਦੋਇਮ ਦੀਆਂ ਅੰਤਿਮ ਰਸਮਾਂ ਨਿਭਾਈਆਂ ਜਾਣਗੀਆਂ, ਨੂੰ ਫੈਡਰਲ ਛੁੱਟੀ ਤੇ ਸੋਗ ਲਈ ਕੌਮੀ ਦਿਵਸ ਐਲਾਨਿਆ ਗਿਆ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਫੈਡਰਲ ਛੁੱਟੀ ਫੈਡਰਲ ਕਰਮਚਾਰੀਆਂ ਲਈ ਹੁੰਦੀ ਹੈ ਪਰ ਬਾਕੀ ਰਹਿੰਦੇ ਵਰਕਰਜ਼ ਲਈ ਛੁੱਟੀ ਦਾ ਐਲਾਨ ਕਰਨਾ ਜਾਂ ਨਾ ਕਰਨਾ ਪ੍ਰੋਵਿੰਸ਼ੀਅਲ ਤੇ ਟੈਰੇਟੋਰੀਅਲ ਸਰਕਾਰਾਂ ਦੀ ਜਿ਼ੰਮੇਵਾਰੀ ਹੁੰਦੀ ਹੈ।ਲੇਬਰ ਮੰਤਰੀ ਦੇ ਆਫਿਸ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਫੈਡਰਲ ਪੱਧਰ ਉੱਤੇ ਨਿਯੰਤਰਿਤ ਪ੍ਰਾਈਵੇਟ ਕੰਪਨੀਆਂ, ਜਿਵੇਂ ਕਿ ਏਅਰਲਾਈਨਜ਼ ਜਾਂ ਟੈਲੀਕਾਮਜ਼, ਨੂੰ ਆਪਣੇ ਕਰਮਚਾਰੀਆਂ ਨੂੰ ਛੁੱਟੀ ਦੇਣ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ ਪਰ ਇਹ ਲਾਜ਼ਮੀ ਨਹੀਂ ਹੈ।
ਟਰੂਡੋ ਨੇ ਆਖਿਆ ਕਿ ਹੋਰਨਾਂ ਸਾਰਿਆਂ ਲਈ ਉਨ੍ਹਾਂ ਦੀ ਸਰਕਾਰ ਪ੍ਰੋਵਿੰਸਾਂ ਤੇ ਟੈਰੇਟਰੀਜ਼ ਨਾਲ ਤਾਲਮੇਲ ਕਰ ਰਹੀ ਹੈ।ਮੰਗਲਵਾਰ ਸਵੇਰੇ ਨਿਊ ਬਰੰਜ਼ਵਿੱਕ ਵਿੱਚ ਮਹਿੰਗਾਈ ਸਬੰਧੀ ਆਪਣੀ ਯੋਜਨਾ ਦਾ ਖੁਲਾਸਾ ਕਰਦਿਆਂ ਟਰੂਡੋ ਨੇ ਆਖਿਆ ਕਿ ਅਸੀਂ ਸੋਮਵਾਰ ਨੂੰ ਫੈਡਰਲ ਛੁੱਟੀ ਕਰਨ ਦਾ ਮਨ ਬਣਾਇਆ ਹੈ। ਪਰ ਅਜੇ ਵੀ ਕੁੱਝ ਵੇਰਵਿਆਂ ਉੱਤੇ ਕੰਮ ਕੀਤਾ ਜਾਣਾ ਬਾਕੀ ਹੈ।ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਬ੍ਰਿਟਿਸ਼ ਅਧਿਕਾਰੀ ਵੀ ਐਲਾਨ ਕਰ ਚੁੱਕੇ ਹਨ ਕਿ 19 ਸਤੰਬਰ ਨੂੰ ਮਹਾਰਾਣੀ ਨੂੰ ਵੈਸਟਮਿੰਸਟਰ ਐਬੇ ਵਿਖੇ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।
ਮਹਾਰਾਣੀ ਐਲਿਜ਼ਾਬੈੱਥ ਦੀ ਮੌਤ ਦਾ ਸੋਗ ਮਨਾਉਣ ਲਈ 19 ਸਤੰਬਰ ਨੂੰ ਹੋਵੇਗੀ ਫੈਡਰਲ ਛੁੱਟੀ
