ਨਵੀਂ ਦਿੱਲੀ, 14 ਸਤੰਬਰ
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਆਪਣੀ ਫਰਾਂਸੀਸੀ ਹਮਰੁਤਬਾ ਕੈਥਰੀਨ ਕੋਲੋਨਾ ਨਾਲ ਗੱਲਬਾਤ ਕਰਨ ਮਗਰੋਂ ਕਿਹਾ ਕਿ ਭਾਰਤ ਤੇ ਫਰਾਂਸ ਨੇ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਤਿੰਨ ਧਿਰੀ ਵਿਕਾਸ ਸਹਿਯੋਗ ਸਥਾਪਤ ਕਰਨ ਲਈ ਕੰਮ ਕਰਨ ਦੀ ਹਾਮੀ ਭਰੀ ਹੈ। ਇਸ ਨਾਲ ਵਿਕਾਸ ਦੇ ਪ੍ਰਾਜੈਕਟਾਂ ਨੂੰ ਰਫ਼ਤਾਰ ਮਿਲੇਗੀ।
ਕੋਲੋਨਾ ਦੇ ਨਾਲ ਇਕ ਸਾਂਝੀ ਪ੍ਰੈੱਸ ਮਿਲਣੀ ਨੂੰ ਸੰਬੋਧਨ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਗਈ ਗੱਲਬਾਤ ਦੌਰਾਨ ਯੂਕਰੇਨ ਦੀ ਜੰਗ, ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਤਣਾਅ, ਕੋਵਿਡ-19 ਮਹਾਮਾਰੀ ਦੇ ਨਤੀਜਿਆਂ, ਅਫ਼ਗਾਨਿਸਤਾਨ ਦੇ ਹਾਲਾਤ ਆਦਿ ਮੁੱਦਿਆਂ ’ਤੇ ਚਰਚਾ ਹੋਈ। ਉਨ੍ਹਾਂ ਕਿਹਾ, ‘‘ਅਸੀਂ ਹਿੰਦ-ਪ੍ਰਸ਼ਾਂਤ ਖਿੱਤੇ ਵਿੱਚ ਤਿੰਨ ਧਿਰੀ ਵਿਕਾਸ ਸਹਿਯੋਗ ਸਥਾਪਤ ਕਰਨ ਲਈ ਕੰਮ ਕਰਨ ਦੀ ਹਾਮੀ ਭਰੀ ਹੈ, ਜਿਸ ਨਾਲ ਵਿਕਾਸ ਪ੍ਰਾਜੈਕਟਾਂ ਨੂੰ ਰਫ਼ਤਾਰ ਮਿਲੇਗਾ, ਖ਼ਾਸ ਕਰ ਕੇ ਕੌਮਾਂਤਰੀ ਸੌਰ ਗੱਠਜੋੜ ਬਣਾਉਣ ਵਿੱਚ।’’
ਉਨ੍ਹਾਂ ਕਿਹਾ ਕਿ ਹਿੰਦ-ਪ੍ਰਸ਼ਾਤ ਤਿੰਨ ਧਿਰੀ ਵਿਕਾਸ ਸਹਿਯੋਗ ਭਾਰਤ ਦੇ ਨਵੇਂ ਖੋਜਾਰਥੀਆਂ ਤੇ ਸਟਾਰਟਅੱਪਸ ਨੂੰ ਉਨ੍ਹਾਂ ਨੂੰ ਹੋਰਨਾਂ ਮੁਲਕਾਂ ਦੀਆਂ ਲੋੜਾਂ ਅਨੁਸਾਰ ਆਪਣੀਆਂ ਕਾਢਾਂ ਦਾ ਪ੍ਰਦਰਸ਼ਨ ਕਰਨ ਦਾ ਪਲੈਟਫਾਰਮ ਮੁਹੱਈਆ ਕਰਵਾਏਗਾ।
ਇਸੇ ਦੌਰਾਨ ਕੋਲੋਨਾ ਨੇ ਕਿਹਾ ਕਿ ਜੋ ਕੁਝ ਯੂਕਰੇਨ ਵਿੱਚ ਵਾਪਰ ਰਿਹਾ ਹੈ ਉਹ ਸਿਰਫ਼ ਯੂਰੋਪ ਦਾ ਮੁੱਦਾ ਨਹੀਂ ਹੈ ਬਲਕਿ ਇਹ ਸਮੁੱਚੇ ਵਿਸ਼ਵ ਲਈ ਇਕ ਗੰਭੀਰ ਮਾਮਲਾ ਹੈ। -ਪੀਟੀਆਈ
ਬੰਗਲਾਦੇਸ਼ੀ ਹਮਰੁਤਬਾ ਨਾਲ ਮੁਲਾਕਾਤ ਕਰਨਗੇ ਜੈਸ਼ੰਕਰ
ਢਾਕਾ:ਇੱਥੇ ਅੱਜ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਮਹੀਨੇ ਦੇ ਅਖੀਰ ਵਿੱਚ ਹੋਣ ਵਾਲੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੌਰਾਨ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਵੱਖਰੇ ਤੌਰ ’ਤੇ ਆਪਣੇ ਬੰਗਲਾਦੇਸ਼ੀ ਹਮਰੁਤਬਾ ਏ.ਕੇ. ਅਬਦੁੱਲ ਨਾਲ ਮੁਲਾਕਾਤ ਕਰਨਗੇ। ਵਿਦੇਸ਼ ਮੰਤਰਾਲੇ ਦੇ ਇਕ ਤਰਜਮਾਨ ਨੇ ਦੱਸਿਆ, ‘‘ਦੋਵੇਂ ਆਗੂ ਨਿਊਯਾਰਕ ਵਿੱਚ ਰਾਤ ਦੇ ਖਾਣੇ ’ਤੇ ਮਿਲਣਗੇ ਕਿਉਂਕਿ ਉਨ੍ਹਾਂ ਨੇੇ ਅੱਗੇ ਹੋਣ ਵਾਲੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਵਿੱਚ ਹਿੱਸਾ ਲੈਣਾ ਹੈ। ਢਾਕਾ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਈਸਵਾਮੀ ਨੇ ਜੈਸ਼ੰਕਰ ਵੱਲੋਂ ਭੇਜਿਆ ਸੱਦਾ ਮੰਗਲਵਾਰ ਨੂੰ ਵਿਦੇਸ਼ ਮੰਤਰਾਲੇ ਦਫ਼ਤਰ ਤੱਕ ਪਹੁੰਚਾਇਆ ਅਤੇ ਵਿਦੇਸ਼ ਮੰਤਰਾਲੇ ਨੇ ਇਹ ਸੱਦਾ ਕਬੂਲ ਕਰ ਲਿਆ ਹੈ।