ਕਾਂਗਰਸ ਪ੍ਰਧਾਨ ਦੀ ਚੋਣ: ਖੜਗੇ ਤੇ ਥਰੂਰ ’ਚ ਹੋਵੇਗਾ ਮੁਕਾਬਲਾ

ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਦੀ ਚੋਣ ਲਈ ਪਿਛਲੇ ਇਕ ਹਫ਼ਤੇ ਤੋਂ ਸੰਭਾਵੀ ਉਮੀਦਵਾਰਾਂ ਦੇ ਨਾਵਾਂ ਨੂੰ ਲੈ ਕੇ ਚੱਲ ਰਹੀ ਸ਼ਸ਼ੋਪੰਜ ਅੱਜ ਖ਼ਤਮ ਹੋ ਗਈ। ਨਾਮਜ਼ਦਗੀਆਂ ਭਰਨ ਦੇ ਆਖਰੀ ਦਿਨ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਮਲਿਕਾਰਜੁਨ ਖੜਗੇ, ਲੋਕ ਸਭਾ ਮੈਂਬਰ ਸ਼ਸ਼ੀ ਥਰੂਰ ਤੇ ਝਾਰਖੰਡ ਦੇ ਸਾਬਕਾ ਮੰਤਰੀ ਕੇ.ਐੱਨ.ਤ੍ਰਿਪਾਠੀ ਪ੍ਰਧਾਨਗੀ ਦੀ ਦੌੜ ਵਿੱਚ ਰਹਿ ਗੲੇ ਹਨ। ਨਾਮਜ਼ਦਗੀਆਂ ਭਰਨ ਦਾ ਸਮਾਂ ਅੱਜ ਸ਼ਾਮੀਂ ਤਿੰਨ ਵਜੇ ਤੱਕ ਹੀ ਸੀ ਤੇ ਤਿੰਨਾਂ ਉਮੀਦਵਾਰਾਂ ਨੇ ਅੱਜ ਹੀ ਆਪੋ ਆਪਣੀਆਂ ਨਾਮਜ਼ਦਗੀਆਂ ਭਰੀਆਂ। ਉਂਜ ਇਸ ਮੌਕੇ ਗਾਂਧੀ ਪਰਿਵਾਰ ਗੈਰਹਾਜ਼ਰ ਰਿਹਾ। ਨਾਮਜ਼ਦਗੀਆਂ ਦੀ ਪੜਤਾਲ ਭਲਕੇ ਹੋਵੇਗੀ ਜਦੋਂਕਿ ਨਾਮ 8 ਅਕਤੂਬਰ ਤੱਕ ਵਾਪਸ ਲਏ ਜਾ ਸਕਦੇ ਹਨ। 17 ਅਕਤੂਬਰ ਨੂੰ ਹੋਣ ਵਾਲੀ ਚੋਣ ਲਈ ਦੇਸ਼ ਭਰ ਤੋਂ ਪਾਰਟੀ ਦੇ 9100 ਤੋਂ ਵੱਧ ਡੈਲੀਗੇਟ ਵੋਟ ਪਾਉਣਗੇ। ਨਤੀਜਿਆਂ ਦਾ ਐਲਾਨ 19 ਅਕਤੂਬਰ ਨੂੰ ਹੋਵੇਗਾ। ਸੀਨੀਅਰ ਪਾਰਟੀ ਆਗੂ ਮਲਿਕਾਰਜੁਨ ਖੜਗੇ ਵੱਲੋਂ ਨਾਮਜ਼ਦਗੀਆਂ ਦੇ ਕਈ ਸੈੱਟ ਭਰਨ ਮੌਕੇ ਜੀ 23 ਆਗੂਆਂ ਆਨੰਦ ਸ਼ਰਮਾ, ਪ੍ਰਿਥਵੀਰਾਜ ਚਵਾਨ, ਮਨੀਸ਼ ਤਿਵਾੜੀ ਤੇ ਭੁਪਿੰਦਰ ਹੁੱਡਾ ਸਣੇ ਪਾਰਟੀ ਦੇ ਕਈ ਸਿਖਰਲੇ ਆਗੂ ਉਨ੍ਹਾਂ ਨਾਲ ਮੌਜੂਦ ਸਨ। ਪਾਰਟੀ ਆਗੂਆਂ ਅਸ਼ੋਕ ਗਹਿਲੋਤ, ਦਿਗਵਿਜੈ ਸਿੰਘ, ਪ੍ਰਮੋਦ ਤਿਵਾੜੀ, ਪੀ.ਐੱਲ.ਪੂਨੀਆ, ਏ.ਕੇ.ਐਂਟਨੀ, ਪਵਨ ਕੁਮਾਰ ਬਾਂਸਲ ਤੇ ਮੁਕੁਲ ਵਾਸਨੀਕ ਨੇ ਖੜਗੇ ਵੱਲੋਂ ਭਰੀਆਂ ਨਾਮਜ਼ਦਗੀਆਂ ਦੀ ਤਜਵੀਜ਼ ਤੇ ਤਾਈਦ ਕੀਤੀ। ਉਧਰ ਥਰੂਰ, ਜੋ ਜੀ23 ਸਮੂਹ ਦਾ ਹਿੱਸਾ ਹਨ, ਨੇ ਨਾਮਜ਼ਦਗੀਆਂ ਦੇ ਪੰਜ ਸੈੱਟ ਜਦੋਂਕਿ ਝਾਰਖੰਡ ਦੇ ਸਾਬਕਾ ਮੰਤਰੀ ਤ੍ਰਿਪਾਠੀ ਨੇ ਕਾਂਗਰਸ ਦੀ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੂੰ ਇਕ ਸੈੱਟ ਸੌਂਪਿਆ। ਗਾਂਧੀ ਪਰਿਵਾਰ ਦੀ ਹਮਾਇਤ ਕਰਕੇ ਖੜਗੇ ਕਾਂਗਰਸ ਪ੍ਰਧਾਨ ਦੇ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਹਨ ਤੇ ਅੱਜ ਨਾਮਜ਼ਦਗੀ ਦਾਖ਼ਲ ਕਰਨ ਮੌਕੇ ਉਨ੍ਹਾਂ ਨਾਲ ਪ੍ਰਮੁੱਖ ਆਗੂਆਂ ਦੀ ਮੌਜੂਦਗੀ ਤੋਂ ਇਹ ਗੱਲ ਸਪਸ਼ਟ ਵੀ ਹੋ ਗਈ। ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਸਾਰੇ ਆਗੂਆਂ, ਪਾਰਟੀ ਵਰਕਰਾਂ ਤੇ ਅਹਿਮ ਰਾਜਾਂ ਦੇ ਡੈਲੀਗੇਟਾਂ ਨੇ ਮੈਨੂੰ ਚੋਣ ਲੜਨ ਲਈ ਹੱਲਾਸ਼ੇਰੀ ਦਿੱਤੀ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ, ਜੋ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਮੌਕੇ ਮੇਰੇ ਨਾਲ ਮੌਜੂਦ ਸਨ।’’ ਖੜਗੇ ਨੇ ਕਿਹਾ, ‘‘ਮੈਂ ਹਮੇਸ਼ਾ (ਕਾਂਗਰਸ ਪਾਰਟੀ ਦੀ) ਲੜਾਈ ਲੜੀ ਹੈ ਤੇ ਇਸ ਪਾਰਟੀ, ਜਿਸ ਨਾਲ ਮੈਂ ਆਪਣੇ ਬਚਪਨ ਤੋਂ ਜੁੜਿਆ ਹਾਂ, ਦੇ ਆਦਰਸ਼ਾਂ ਨੂੰ ਕਾਇਮ ਰੱਖਣ ਲਈ ਅੱਗੋਂ ਵੀ ਲੜਾਈ ਲੜਨ ਲਈ ਤਿਆਰ ਹਾਂ।’ ਖੜਗੇ ਨੇ ਕਿਹਾ ਕਿ ਉਹ ਪਾਰਟੀ ਵਿੱਚ ਵੱਡੇ ਬਦਲਾਅ ਲਈ ਲੜ ਰਹੇ ਹਨ। ਤਿੰਨਾਂ ਉਮੀਦਵਾਰਾਂ ਵੱਲੋਂ ਏਆਈਸੀਸੀ ਹੈੱਡਕੁਆਰਟਰ ’ਤੇ ਨਾਮਜ਼ਦਗੀ ਭਰਨ ਮੌਕੇ ਗਾਂਧੀ ਪਰਿਵਾਰ ਦਾ ਕੋਈ ਵੀ ਮੈਂਬਰ ਮੌਜੂਦ ਨਹੀਂ ਸੀ। ਇਸ ਤੋਂ ਪਹਿਲਾਂ ਅੱਜ ਦਿਨੇਂ ਕਾਂਗਰਸ ਆਗੂ ਦਿਗਵਿਜੈ ਸਿੰਘ, ਜਿਨ੍ਹਾਂ ਨੂੰ ਲੰਘੇ ਦਿਨ ਤੱਕ ਗਾਂਧੀ ਪਰਿਵਾਰ ਦਾ ਪਸੰਦੀਦਾ ਉਮੀਦਵਾਰ ਦੱਸਿਆ ਜਾ ਰਿਹਾ ਸੀ, ਨੇ ਪਾਰਟੀ ਪ੍ਰਧਾਨ ਦੀ ਚੋਣ ਨਾ ਲੜਨ ਦਾ ਐਲਾਨ ਕਰ ਦਿੱਤਾ। ਸਿੰਘ ਨੇ ਕਿਹਾ ਕਿ ਉਨ੍ਹਾਂ ਇਸ ਅਹੁਦੇ ਲਈ ਆਪਣੇ ਸੀਨੀਅਰ ਆਗੂ ਮਲਿਕਾਰਜੁਨ ਖੜਗੇ ਦੇ ਨਾਂ ਦੀ ਤਜਵੀਜ਼ ਰੱਖੀ ਹੈ। ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਸਾਰੀ ਉਮਰ ਕਾਂਗਰਸ ਲਈ ਕੰਮ ਕੀਤਾ ਤੇ ਅੱਗੋਂ ਵੀ ਕਰਦੇ ਰਹਿਣਗੇ।

 

Sunil Verma

Learn More →

Leave a Reply

Your email address will not be published. Required fields are marked *

YouTube
Instagram
WhatsApp
Snapchat