ਟੋਕੀਓ (ਰਾਇਟਰ) : ਉੱਤਰੀ ਕੋਰੀਆ ਨੇ ਸ਼ਨਿਚਰਵਾਰ ਦੇਰ ਰਾਤ ਦੋ ਹੋਰ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਉਸਦਾ ਕਹਿਣਾ ਹੈ ਕਿ ਅਮਰੀਕੀ ਫ਼ੌਜ ਤੋਂ ਸਿੱਧੇ ਖ਼ਤਰੇ ਨੂੰ ਦੇਖਦੇ ਹੋਏ ਉਹ ਸਵੈ ਰੱਖਿਆ ’ਚ ਮਿਜ਼ਾਈਲਾਂ ਦੀ ਪਰਖ ਕਰ ਰਿਹਾ ਹੈ।
ਜਾਪਾਨ ਦੇ ਰੱਖਿਆ ਰਾਜ ਮੰਤਰੀ ਤੋਸ਼ਿਰੋ ਇਨੋ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਵੇਂ ਮਿਜ਼ਾਈਲਾਂ 100 ਕਿਲੋਮੀਟਰ ਉੱਚਾਈ ਤਕ ਪੁੱਜੀਆਂ ਤੇ 350 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਪਹਿਲੀ ਮਿਜ਼ਾਈਲ ਰਾਤ 1:47 ਵਜੇ ਦਾਗੀ ਗਈ ਤੇ ਦੂਜੀ ਇਸ ਦੇ ਛੇ ਮਿੰਟ ਬਾਅਦ। ਦੋਵੇਂ ਮਿਜ਼ਾਈਲਾਂ ਜਾਪਾਨ ਦੇ ਵਿਸ਼ੇਸ਼ ਆਰਥਿਕ ਜ਼ੋਨ ਦੇ ਬਾਹਰ ਡਿੱਗੀਆਂ। ਇਸ ਤੋਂ ਬਾਅਦ ਅਮਰੀਕਾ, ਦੱਖਣੀ ਕੋਰੀਆ ਤੇ ਜਾਪਾਨ ਦੇ ਸਫ਼ੀਰਾਂ ਨੇ ਫੋਨ ’ਤੇ ਖੇਤਰ ਤੇ ਕੌਮਾਂਤਰੀ ਫ਼ਿਰਕੇ ਦੀ ਸੁਰੱਖਿਆ ਤੇ ਸਿਵਲ ਏਵੀਏਸ਼ਨ ’ਤੇ ਪੈਦਾ ਖ਼ਤਰੇ ਨੂੰ ਲੈ ਕੇ ਚਰਚਾ ਕੀਤੀ। 25 ਸਤੰਬਰ ਤੋਂ ਬਾਅਦ ਪਿਓਂਗਯਾਂਗ ਨੇ ਸੱਤਵੀਂ ਵਾਰ ਮਿਜ਼ਾਈਲਾਂ ਲਾਂਚ ਕੀਤੀਆਂ ਹਨ।