ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਗੁਜਰਾਤ ਵਿੱਚ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਉਂਦੀ ਹੈ ਤਾਂ ਕਿਸਾਨਾਂ ਦੀਆਂ ਪੰਜ ਫਸਲਾਂ-ਕਣਕ, ਚਾਵਲ, ਕਪਾਹ, ਛੋਲੇ ਦਾਲ ਅਤੇ ਮੂੰਗਫਲੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦਾਂਗੇ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਨੇ ਪੰਜ ਫਸਲਾਂ ਉਤੇ ਐਮਐਸਪੀ ਦੇ ਦਿੱਤੀ ਹੈ। ਪਹਿਲਾਂ ਇਹ ਹੁੰਦਾ ਸੀ ਕਿ ਐਮਐਸਪੀ ਤਾਂ ਸਾਰੀਆਂ ਫਸਲਾਂ ਉਤੇ ਐਲਾਨ ਦਿੱਤਾ ਜਾਂਦਾ ਸੀ ਪਰ ਉਸ ਦਾ ਕੋਈ ਮਤਲਬ ਹੀ ਨਹੀਂ ਸੀ ਕਿਉਂਕਿ ਉਸ ਉਤੇ ਤਾਂ ਫਸਲ ਵਿਕਦੀ ਹੀ ਨਹੀਂ ਸੀ। ਪਰ ਭਗਵੰਤ ਮਾਨ ਨੇ ਆਖ ਦਿੱਤਾ ਹੈ ਕਿ ਜੇਕਰ ਉਨ੍ਹਾਂ ਦੀ ਫਸਲ ਐਮਐਸਪੀ ਉਤੇ ਨਾ ਵਿਕੇ ਤਾਂ ਸਰਕਾਰ ਇਹ ਫਸਲ ਖਰੀਦੇਗੀ।
ਉਨ੍ਹਾਂ ਕਿਹਾ ਕਿ ਗੁਜਰਾਤ ‘ਚ ਬਦਲਾਅ ਦਾ ਤੂਫਾਨ ਚੱਲ ਰਿਹਾ ਹੈ। ਕੇਜਰੀਵਾਲ ਨੇ ਭਰੋਸਾ ਦਿੱਤਾ ਕਿ ‘ਆਪ’ ਸਰਕਾਰ ਪੰਜ ਫਸਲਾਂ-ਕਣਕ, ਚਾਵਲ, ਕਪਾਹ, ਛੋਲੇ ਦਾਲ ਅਤੇ ਮੂੰਗਫਲੀ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦੇਗੀ। ਉਨ੍ਹਾਂ ਨੇ ਫਸਲਾਂ ਦੇ ਨੁਕਸਾਨ ਲਈ ਕਿਸਾਨਾਂ ਨੂੰ 50,000 ਰੁਪਏ ਪ੍ਰਤੀ ਹੈਕਟੇਅਰ ਮੁਆਵਜ਼ਾ ਦੇਣ ਅਤੇ ਕਿਸਾਨਾਂ ਲਈ ਸਿੰਚਾਈ ਨੈੱਟਵਰਕ ਬਣਾਉਣ ਦਾ ਵਾਅਦਾ ਵੀ ਕੀਤਾ। ਕਿਸਾਨਾਂ ਨੂੰ 12 ਘੰਟੇ ਬਿਜਲੀ ਦਿੱਤੀ ਜਾਵੇਗੀ।
ਕੇਜਰੀਵਾਲ ਨੇ ਗੁਜਰਾਤ ਵਿੱਚ ਵਾਅਦਾ ਕੀਤਾ ਹੈ ਕਿ ਜੇਕਰ ਉਨ੍ਹਾਂ ਦੀ ਪਾਰਟੀ ਵਿਧਾਨ ਸਭਾ ਚੋਣਾਂ ਤੋਂ ਬਾਅਦ ਸਰਕਾਰ ਬਣਾਉਂਦੀ ਹੈ ਤਾਂ ਸਰਕਾਰ ਗੁਜਰਾਤ ਦੇ ਸਾਰੇ ਲੋਕਾਂ ਨੂੰ ਅਯੁੱਧਿਆ ਵਿੱਚ ਰਾਮ ਮੰਦਰ ਦੇ ਦਰਸ਼ਨਾਂ ਲਈ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਫਤ ਦੇਵੇਗੀ।