ਕੀਵ- ਰੂਸ ਅਤੇ ਯੂਕਰੇਨ ਵਿਚਾਲੇ ਜੰਗ ਨੂੰ 9 ਮਹੀਨੇ ਹੋਣ ਜਾ ਰਹੇ ਹਨ। ਇਸ ਦੌਰਾਨ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਨੂੰ ਤਬਾਹ ਕਰ ਦਿੱਤਾ ਹੈ। ਪਰ, ਯੂਕਰੇਨ ਨੇ ਕੁਝ ਸ਼ਹਿਰਾਂ ਨੂੰ ਵਾਪਸ ਲੈਣ ਦਾ ਦਾਅਵਾ ਵੀ ਕੀਤਾ ਹੈ। ਖੇਰਸਨ ਵੀ ਇਸ ਵਿਚ ਸ਼ਾਮਲ ਹਨ। ਹੁਣ ਖ਼ਬਰ ਹੈ ਕਿ ਰੂਸ ਨੇ ਮੰਗਲਵਾਰ ਨੂੰ ਯੂਕਰੇਨ ‘ਤੇ ਇੱਕੋ ਸਮੇਂ 100 ਮਿਜ਼ਾਈਲਾਂ ਦਾਗੀਆਂ ਹਨ। ਕੀਵ ਵਿੱਚ ਦੋ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਮਿਜ਼ਾਈਲ ਹਮਲੇ ਕੀਤੇ ਗਏ ਹਨ। ਹਮਲੇ ਤੋਂ ਬਾਅਦ ਸ਼ਹਿਰ ਵਿੱਚ ਖਤਰੇ ਦੇ ਸਾਇਰਨ ਵੀ ਵੱਜਣੇ ਸ਼ੁਰੂ ਹੋ ਗਏ। ਮਿਜ਼ਾਈਲ ਹਮਲਿਆਂ ਕਾਰਨ ਸ਼ਹਿਰ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ।
ਕੀਵ ਵਿੱਚ ਹਵਾਈ ਸੈਨਾ ਦੇ ਬੁਲਾਰੇ ਯੂਰੀ ਇਗਨਾਟ ਨੇ ਯੂਕਰੇਨੀ ਟੈਲੀਵਿਜ਼ਨ ਨੂੰ ਦੱਸਿਆ, “ਲਗਭਗ 100 ਮਿਜ਼ਾਈਲਾਂ ਪਹਿਲਾਂ ਹੀ ਦਾਗੀਆਂ ਗਈਆਂ ਹਨ। ਰੂਸੀ ਫ਼ੌਜਾਂ ਨੇ ਇਸ ਤੋਂ ਪਹਿਲਾਂ 10 ਅਕਤੂਬਰ ਨੂੰ 84 ਮਿਜ਼ਾਈਲਾਂ ਹਮਲੇ ਕੀਤੇ ਸਨ।” ਖੇਰਸਨ ਤੋਂ ਰੂਸੀ ਫੌਜਾਂ ਦੇ ਬਾਹਰ ਨਿਕਲਣ ਤੋਂ ਬਾਅਦ ਇਹ ਰੂਸ ਦਾ ਸਭ ਤੋਂ ਵੱਡਾ ਹਮਲਾ ਮੰਨਿਆ ਜਾ ਰਿਹਾ ਹੈ। ਫਿਲਹਾਲ ਯੂਕਰੇਨ ਦੇ ਅਧਿਕਾਰੀਆਂ ਨੇ ਐਮਰਜੈਂਸੀ ਬਲੈਕਆਊਟ ਦਾ ਐਲਾਨ ਕੀਤਾ ਹੈ।
ਹਮਲੇ ਦੀ ਜਾਣਕਾਰੀ ਦਿੰਦੇ ਹੋਏ ਕੀਵ ਦੇ ਮੇਅਰ ਵਿਤਾਲੀ ਕਲਿਟਸਕੋ ਨੇ ਸੋਸ਼ਲ ਮੀਡੀਆ ‘ਤੇ ਇਕ ਬਿਆਨ ‘ਚ ਕਿਹਾ, ”ਰਾਜਧਾਨੀ ‘ਤੇ ਹਮਲਾ ਕੀਤਾ ਗਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਪੇਚਰਸਕ ਜ਼ਿਲ੍ਹੇ ਵਿੱਚ ਦੋ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਵਾਈ ਰੱਖਿਆ ਪ੍ਰਣਾਲੀ ਨੇ ਕਈ ਮਿਜ਼ਾਈਲਾਂ ਨੂੰ ਵੀ ਡੇਗਿਆ ਹੈ। ਹਮਲੇ ਤੋਂ ਬਾਅਦ ਮੈਡੀਕਲ ਅਤੇ ਬਚਾਅ ਟੀਮਾਂ ਮੌਕੇ ‘ਤੇ ਮੌਜੂਦ ਹਨ।
ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੇ ਮੰਗਲਵਾਰ ਨੂੰ ਦੱਖਣੀ ਸ਼ਹਿਰ ਖੇਰਸਨ ‘ਤੇ ਮੁੜ ਕਬਜ਼ਾ ਕਰਨ ਦੀ ਤੁਲਨਾ ‘ਡੀ-ਡੇ’ ਨਾਲ ਕੀਤੀ ਜਦੋਂ ਸਹਿਯੋਗੀ ਫੌਜਾਂ ਦੂਜੇ ਵਿਸ਼ਵ ਯੁੱਧ ਦੌਰਾਨ ਫਰਾਂਸ ਵਿੱਚ ਉਤਰੀਆਂ ਸਨ। ਉਨ੍ਹਾਂ ਕਿਹਾ ਕਿ ਦੋਵੇਂ ਘਟਨਾਵਾਂ ਅੰਤਰਿਮ ਜਿੱਤ ਲਈ ਫੈਸਲਾਕੁੰਨ ਹਨ। ਜ਼ੇਲੇਨਸਕੀ ਨੇ ਵੀਡੀਓ ਕਾਨਫਰੰਸ ਰਾਹੀਂ ਇੰਡੋਨੇਸ਼ੀਆ ਵਿੱਚ ਆਯੋਜਿਤ ਜੀ-20 ਸੰਮੇਲਨ ਵਿੱਚ ਹਿੱਸਾ ਲਿਆ। ਉਨ੍ਹਾਂ ਕਾਨਫਰੰਸ ਨੂੰ ਦੱਸਿਆ ਕਿ 8 ਮਹੀਨਿਆਂ ਬਾਅਦ ਖੇਰਸਨ ਦੀ ਰੂਸੀ ਕਬਜ਼ੇ ਤੋਂ ਅਜ਼ਾਦੀ ਅਤੀਤ ਦੀਆਂ ਕਈ ਲੜਾਈਆਂ ਦੀ ਯਾਦ ਦਿਵਾਉਂਦੀ ਹੈ, ਜੋ ਜੰਗ ਵਿੱਚ ਫੈਸਲਾਕੁੰਨ ਸਾਬਤ ਹੋਈਆਂ।
ਰੂਸ ਨੇ ਯੂਕਰੇਨ ਵਿੱਚ ਦਾਗੀਆਂ 100 ਮਿਜ਼ਾਈਲਾਂ, ਹਮਲਿਆਂ ਤੋਂ ਬਾਅਦ ਖੇਰਸਨ ਅਤੇ ਕੀਵ ਵਿੱਚ ਬਲੈਕਆਊਟ
