ਨਵੀਂ ਦਿੱਲੀ – ਚੀਨ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਨੇ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਚਿੰਤਾ ਵਧਾ ਦਿੱਤੀ ਹੈ। ਚੀਨ ਵਿੱਚ ਤਬਾਹੀ ਮਚਾਉਣ ਵਾਲੇ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਸਬ-ਵੇਰੀਐਂਟ ਬੀ.ਐੱਫ਼. 7 ਦੇ ਚਾਰ ਕੇਸ ਭਾਰਤ ਵਿਚ ਵੀ ਪਾਏ ਗਏ ਹਨ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਡਾਟਾ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਭਾਰਤ ਵਿਚ ਬੀ.ਐੱਫ਼. 7 ਦੇ ਚਾਰ ਵੇਰੀਐਂਟ ਪਾਏ ਗਏ ਹਨ। ਇਹ ਵੇਰੀਐਂਟ ਗੁਜਰਾਤ ਅਤੇ ਓੜੀਸਾ ਵਿਚ ਪਾਇਆ ਗਿਆ ਹੈ। ਇਸ ਸਬ-ਵੇਰੀਐਂਟ ਦਾ ਇਕ ਕੇਸ ਭਾਰਤ ਵਿਚ ਜੁਲਾਈ ਵਿਚ, ਦੋ ਸਤੰਬਰ ਵਿਚ ਅਤੇ ਇੱਕ ਨਵੰਬਰ ਵਿੱਚ ਪਾਇਆ ਗਿਆ ਹੈ। ਤੁਹਾਨੂੰ ਦੱਸ ਦੇਈਏ, ਬੀ.ਐੱਫ਼. 7 ਵੇਰੀਐਂਟ ਬੀ.ਐੱਫ਼. 5 ਦਾ ਉਪ-ਵੰਸ ਹੈ। ਇਹ ਵੇਰੀਐਂਟ ਚੀਨ ਵਿਚ ਕੇਸਾਂ ਨੂੰ ਵਧਾਉਣ ਪਿੱਛੇ ਮਹੱਤਵਪੂਰਨ ਹੈ।
ਜਾਣਕਾਰੀ ਮੁਤਾਬਕ ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਸੁਭਾਨਪੁਰਾ ਇਲਾਕੇ ਦੀ ਰਹਿਣ ਵਾਲੀ 61 ਸਾਲਾ ਔਰਤ 11 ਸਤੰਬਰ 2022 ਨੂੰ ਅਮਰੀਕਾ ਤੋਂ ਆਈ ਸੀ ਅਤੇ 18 ਸਤੰਬਰ ਨੂੰ ਉਸ ਦਾ ਕੋਵਿਡ-19 ਪਾਜ਼ੀਟਿਵ ਪਾਇਆ ਗਿਆ ਸੀ। ਮਰੀਜ਼ ਨੇ ਫਾਈਜ਼ਰ ਵੈਕਸੀਨ ਦੀਆਂ ਤਿੰਨ ਖੁਰਾਕਾਂ ਲਈਆਂ ਸਨ ਅਤੇ ਉਹ ਘਰ ਵਿਚ ਕੁਆਰੰਨਟੀਨ ਵਿਚ ਸੀ। ਔਰਤ ਦੇ ਨਮੂਨੇ ਨੂੰ ਜੀਨੋਮ ਸੀਕਵੈਂਸਿੰਗ ਲਈ ਗਾਂਧੀਨਗਰ ਭੇਜਿਆ ਗਿਆ ਸੀ ਅਤੇ ਬੀ.ਐੱਫ.7 ਸਬ-ਵੇਰੀਐਂਟ ਲਈ ਜੀਨੋਮ ਸੀਕਵੈਂਸਿੰਗ ਦਾ ਨਤੀਜਾ ਅੱਜ ਆਇਆ। ਮਰੀਜ ਦੀ ਸਿਹਤ ਠੀਕ ਹੈ। ਦਿਸਾ-ਨਿਰਦੇਸਾਂ ਅਨੁਸਾਰ ਕੋਵਿਡ ਪਾਜੀਟਿਵ ਪਾਏ ਜਾਣ ‘ਤੇ ਉਸ ਦੇ ਨੇੜਲੇ ਸੰਪਰਕ ਦੇ ਤਿੰਨ ਲੋਕਾਂ ਦੀ ਵੀ ਜਾਂਚ ਕੀਤੀ ਗਈ, ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਿਕਰਯੋਗ ਹੈ ਕਿ ਚੀਨ ‘ਚ ਕੋਰੋਨਾ (ਕੋਵਿਡ) ਦੇ ਵਧਦੇ ਮਾਮਲਿਆਂ ਦੇ ਮੱਦੇਨਜਰ ਭਾਰਤ ਵੀ ਸਾਵਧਾਨ ਹੋ ਗਿਆ ਹੈ। ਕੇਂਦਰ ਸਰਕਾਰ ਕੋਰੋਨਾ ਦੇ ਮਾਮਲਿਆਂ ਦੀ ਨਿਗਰਾਨੀ ਕਰ ਰਹੀ ਹੈ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਅੱਜ ਇਸ ਸਬੰਧ ਵਿੱਚ ਉੱਚ ਅਧਿਕਾਰੀਆਂ ਅਤੇ ਮਾਹਿਰਾਂ ਨਾਲ ਮਹਾਂਮਾਰੀ ਦੀ ਸਥਿਤੀ ਬਾਰੇ ਸਮੀਖਿਆ ਮੀਟਿੰਗ ਕੀਤੀ।
ਚੀਨ ਵਿਚ ਤਬਾਹੀ ਮਚਾਉਣ ਵਾਲੇ ਓਮੀਕ੍ਰੋਨ ਸਬ-ਵੇਰੀਐਂਟ ਬੀ.ਐੱਫ.7 ਦੇ ਚਾਰ ਕੇਸ ਭਾਰਤ ਵਿਚ ਵੀ ਮਿਲੇ
