ਓਟਵਾ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮਾਰਚ ਵਿੱਚ ਕੈਨੇਡਾ ਦਾ ਰਸਮੀ ਤੌਰ ਉੱਤੇ ਦੌਰਾ ਕੀਤਾ ਜਾਵੇਗਾ। ਇਸ ਦੀ ਪੁਸ਼ਟੀ ਵ੍ਹਾਈਟ ਹਾਊਸ ਵੱਲੋਂ ਕੀਤੀ ਗਈ ਹੈ।
ਮੈਕਸਿਕੋ ਸਿਟੀ ਵਿੱਚ ਥਰੀ ਐਮੀਗੋਜ਼ ਦੀ ਸਿਖਰ ਵਾਰਤਾ ਦੌਰਾਨ ਬਾਇਡਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਮੰਗਲਵਾਰ ਸਵੇਰੇ ਕੀਤੀ ਗਈ ਦੁਵੱਲੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਗਿਆ। ਆਮ ਤੌਰ ਉੱਤੇ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਵੱਲੋਂ ਸੱਭ ਤੋਂ ਪਹਿਲਾਂ ਕੈਨੇਡਾ ਦਾ ਦੌਰਾ ਕੀਤਾ ਜਾਂਦਾ ਹੈ ਪਰ ਬਾਇਡਨ ਦਾ ਇਹ ਦੌਰਾ ਟਲਦਾ ਗਿਆ, ਇਸ ਲਈ ਕੁੱਝ ਹੱਦ ਤੱਕ ਕੋਵਿਡ-19 ਵੀ ਜਿੰ਼ਮੇਵਾਰ ਸੀ।
ਵ੍ਹਾਈਟ ਹਾਊਸ ਨੇ ਆਖਿਆ ਕਿ ਬਾਇਡਨ ਤੇ ਟਰੂਡੋ ਵੱਲੋਂ ਕਈ ਮੁੱਦਿਆਂ ਉੱਤੇ ਗੱਲਬਾਤ ਕੀਤੀ ਗਈ। ਇਨ੍ਹਾਂ ਵਿੱਚ ਵਪਾਰ, ਹਾਇਤੀ ਵਿੱਚ ਸਕਿਊਰਿਟੀ ਸਬੰਧੀ ਹਾਲਾਤ, ਨਾਜ਼ੁਕ ਮਿਨਰਲ ਸਪਲਾਈ ਚੇਨਜ਼ ਤੇ ਗ੍ਰੀਨ ਐਨਰਜੀ ਆਦਿ ਸ਼ਾਮਲ ਹਨ। ਦੋਵਾਂ ਆਗੂਆਂ ਨੇ ਟਰਸਟਿਡ ਟਰੈਵਲਰ ਪ੍ਰੋਗਰਾਮ, ਜਿਸ ਨੂੰ ਨੈਕਸਸ ਵੀ ਆਖਿਆ ਜਾਂਦਾ ਹੈ, ਬਾਰੇ ਵੀ ਗੱਲਬਾਤ ਕੀਤੀ। ਇਹ ਪ੍ਰੋਗਰਾਮ ਕਿਸੇ ਵਿਵਾਦ ਕਾਰਨ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਅੰਸ਼ਕ ਤੌਰ ਉੱਤੇ ਬੰਦ ਹੈ।
ਬਾਇਡਨ ਦੇ ਦੌਰੇ ਦੀਆਂ ਤਰੀਕਾਂ ਤੇ ਲੋਕੇਸ਼ਨਜ਼ ਬਾਰੇ ਅਜੇ ਕੋਈ ਐਲਾਨ ਨਹੀਂ ਕੀਤਾ ਗਿਆ।
ਮਾਰਚ ਵਿੱਚ ਕੈਨੇਡਾ ਦਾ ਦੌਰਾ ਕਰਨਗੇ ਬਾਇਡਨ
