ਵਸ਼ਿੰਗਟਨ- ਵਿਸ਼ਵ ਬੈਂਕ ਨੇ ਇਸ ਸਾਲ ਵਿਕਸਿਤ ਦੇਸ਼ਾਂ ਵਿਚ ਹੋਰ ਮੰਦੀ ਅਤੇ ਦੁਨੀਆ ‘ਚ ਆਰਥਿਕ ਵਿਕਾਸ ਦਰ ਸਿਰਫ 1.7 ਫੀਸਦੀ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਵਿਸ਼ਵ ਬੈਂਕ ਦੀ ਰਿਪੋਰਟ ਗਲੋਬਲ ਇਕਨਾਮਿਕ ਪ੍ਰਾਸਪੈਕਟਸ ਵਿੱਚ ਇਹ ਛੇ ਮਹੀਨੇ ਪਹਿਲਾਂ ਦੇ ਅੰਦਾਜੇ ਦਾ ਅੱਧਾ ਹਿੱਸਾ ਹੈ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਹ ਪਿਛਲੇ 30 ਸਾਲਾਂ ਵਿੱਚ 2019 ਅਤੇ 2020 ਨੂੰ ਛੱਡ ਕੇ ਵਿਸ਼ਵ ਅਰਥਵਿਵਸਥਾ ਵਿੱਚ ਸਭ ਤੋਂ ਘੱਟ ਜੀਡੀਪੀ ਵਿਕਾਸ ਦਰ ਦਾ ਸਾਲ ਹੋਵੇਗਾ। ਰਿਪੋਰਟ ਵਿੱਚ ਵਿਸਵ ਬੈਂਕ ਸਮੂਹ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਕਿਹਾ ਹੈ ਕਿ ਵਿਕਸਤ ਦੇਸ਼ਾਂ ਵਿਚ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਉਸ ਨੇ ਕਿਹਾ ਹੈ ਕਿ ਤਾਜ਼ਾ ਅਨੁਮਾਨ ਦਰਸਾ ਰਹੇ ਹਨ ਕਿ ਸਥਿਤੀ ਤੇਜ਼ੀ ਨਾਲ ਅਤੇ ਵਿਆਪਕ ਤੌਰ ’ਤੇ ਵਿਗੜ ਰਹੀ ਹੈ।
ਦੁਨੀਆ ਦੇ ਲਗਭਗ ਸਾਰੇ ਖੇਤਰਾਂ ਵਿਚ ਪ੍ਰਤੀ ਵਿਅਕਤੀ ਆਮਦਨ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਦੇ ਦਹਾਕੇ ਦੇ ਮੁਕਾਬਲੇ ਹੌਲੀ ਦਰ ਨਾਲ ਵਧੇਗੀ ਕਿਉਂਕਿ ਵਿਸ਼ਵ ਆਰਥਿਕਤਾ ਦੀਆਂ ਸੰਭਾਵਨਾਵਾਂ ਲਈ ਚੁਣੌਤੀਆਂ ਬਣੇ ਰਹਿਣ ਦੀ ਸੰਭਾਵਨਾ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 2024 ਦੇ ਅੰਤ ਵਿਚ ਉਭਰ ਰਹੇ ਬਾਜਾਰਾਂ ਅਤੇ ਵਿਕਾਸਸੀਲ ਦੇਸਾਂ ਦੀਆਂ ਅਰਥਵਿਵਸਥਾਵਾਂ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) ਕੋਵਿਡ -19 ਮਹਾਂਮਾਰੀ ਦੇ ਸੁਰੂ ਹੋਣ ਤੋਂ ਪਹਿਲਾਂ ਦੇ ਮੁਕਾਬਲੇ ਛੇ ਪ੍ਰਤੀਸਤ ਘੱਟ ਹੋਵੇਗਾ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿਕਾਸਸ਼ੀਲ ਦੇਸ਼ਾਂ ਦੇ ਸਾਹਮਣੇ ਕਰਜ਼ੇ ਦੇ ਬੋਝ ਅਤੇ ਕਮਜ਼ੋਰ ਨਿਵੇਸ਼ ਕਾਰਣ ਆਰਥਿਕ ਵਿਕਾਸ ਦੇ ਕਈ ਸਾਲਾਂ ਤੱਕ ਨਰਮ ਰਹਿਣ ਦਾ ਖਤਰਾ ਹੈ।
2023 ਵਿਚ ਵਿਕਸਿਤ ਦੇਸ਼ਾਂ ਵਿਚ ਵਧੇਗੀ ਮੰਦੀ, ਵਿਸ਼ਵ ਆਰਥਿਕ ਵਿਕਾਸ ਵਿਚ ਗਿਰਾਵਟ ਆਉਣ ਦੀ ਸੰਭਾਵਨਾ: ਵਿਸ਼ਵ ਬੈਂਕ
