ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ (Bibi Jagir Kaur) ਨੂੰ ਸਲਾਹ ਦਿਤੀ ਹੈ ਕਿ ਉਹ ਬਾਜ਼ ਬਣਨ ਨਾ ਕਿ ਧੋਖੇਬਾਜ਼ ਦੀ ਭੂਮਿਕਾ ਨਿਭਾਉਣ। ਪੱਤਰਕਾਰਾਂ ਨਾਲ ਗੱਲ ਕਰਦਿਆਂ ਸ਼ੰਟੀ ਨੇ ਕਿਹਾ ਕਿ ਬੀਬੀ ਜਾਗੀਰ ਕੌਰ ਸ੍ਰੀ ਦਰਬਾਰ ਸਾਹਿਬ ਤੋਂ ਚਲਦੇ ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਨਿਤ ਨਵੀਂ ਸਾਲਾਹ ਦੇ ਰਹੇ ਹਨ ਤੇ ਵਾਰ-ਵਾਰ ਗੁਰਬਾਣੀ ਦੇ ਵਪਾਰ ਦੀਆਂ ਗੱਲਾਂ ਕਰ ਰਹੇ ਹਨ, ਪਰ ਬੀਬੀ ਇਹ ਭੁੱਲ ਹੀ ਗਏ ਹਨ ਕਿ ਨਿੱਜੀ ਚੈਨਲ ਪੀਟੀਸੀ ਕੋਲੋਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਪ੍ਰਸਾਰਣ ਤੋਂ ਪਹਿਲਾਂ ਤੇ ਬਾਅਦ ਇਸ਼ਤਿਹਾਰ ਚਲਾਉਣ ਦੀ ਇਜਾਜ਼ਤ ਬੀਬੀ ਨੇ ਖੁਦ ਦਿੱਤੀ ਤੇ ਉਸ ਇਸ਼ਤਿਹਾਰਬਾਜ਼ੀ ‘ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 10 ਫੀਸਦੀ ਦੇਣ ਦਾ ਕਰਾਰ ਵੀ ਕੀਤਾ। ਸ਼ੰਟੀ ਨੇ ਕਿਹਾ ਕਿ ਸਿੱਖਾਂ ਦੇ ਗੌਰਵਮਈ ਇਤਿਹਾਸ ਵਿਚ ਬੀਬੀਆਂ ਦਾ ਅਹਿਮ ਸਥਾਨ ਰਿਹਾ ਹੈ ਤੇ ਬੀਬੀਆਂ ਨੇ ਬਹੁਤ ਪ੍ਰੇਰਨਾ ਦਿੱਤੀ ਪਰ ਬੀਬੀ ਜਾਗੀਰ ਕੌਰ ਨੇ ਬੀਬੀਆਂ ਦੇ ਇਤਿਹਾਸ ਤੋਂ ਕੁਝ ਵੀ ਨਹੀਂ ਸਿਖਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਬੀਬੀ ਜਾਗੀਰ ਕੌਰ ਨੇ ਧਰਮ ਅਤੇ ਰਾਜਨੀਤੀ ਦੇ ਖੇਤਰ ਵਿਚ ਬਹੁਤ ਲਾਭ ਲਏ ਹਨ। ਹੁਣ ਉਹ ਉਸੇ ਅਕਾਲੀ ਦਲ ਨੂੰ ਬਦਨਾਮ ਕਰ ਰਹੇ ਹਨ। ਉਨ੍ਹਾਂ ਨੇ ਬੀਬੀ ਨੂੰ ਸਵਾਲ ਕੀਤਾ ਕਿ ਉਹਨਾਂ ਕੋਲ ਸਾਲ 2000 ਵਿਚ ਨੀਲੇ ਰੰਗ ਦੀ ਸਫਾਰੀ ਗੱਡੀ ਕਿਥੋਂ ਆਈ ਤੇ ਕਿਸ ਨੇ ਦਿੱਤੀ ਸੀ। ਇਹ ਗੱਡੀ ਕਿਸ ਨੇ ਨਿੱਜੀ ਲਾਭ ਲੈਣ ਲਈ ਬੀਬੀ ਨੂੰ ਤੋਹਫੇ ਵਜੋਂ ਉਪਲਬਧ ਕਾਰਵਾਈ ਸੀ। ਉਨ੍ਹਾਂ ਕਿਹਾ ਕਿ ਮੁੰਬਈ ਦੇ ਸਹਿਕਾਰੀ ਬੈਂਕ ‘ਚ ਕਿਸ ਨੇ ਉਸ ਗੱਡੀ ਦੀਆਂ ਕਿਸ਼ਤਾਂ ਅਦਾ ਕੀਤੀਆਂ।
ਗੁਰਬਾਣੀ ਲਾਈਵ ਮਾਮਲੇ ‘ਚ CM ਮਾਨ ਤੇ ਬੀਬੀ ਜਗੀਰ ਕੌਰ ਦੀ ਬਜਾਏ ਸਿੱਖਾਂ ਦੀਆਂ ਭਾਵਨਾਵਾਂ ਸਮਝਣ ਜਥੇਦਾਰ : DSGMC
