ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਵਿਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖਿਲਾਫ ਬੁੱਧਵਾਰ ਨੂੰ ਹਜ਼ਾਰਾਂ ਲੋਕ ਸੜਕਾਂ ‘ਤੇ ਉਤਰ ਆਏ। ਜਾਣਕਾਰੀ ਮੁਤਾਬਕ ਢਾਕਾ ਵਿਚ ਲੋਕਾਂ ਨੇ 13 ਕਿਲੋਮੀਟਰ ਲੰਬਾ ਮਾਰਚ ਕੱਢਿਆ। ਉੱਥੇ ਇਹ ਲੋਕ ਵਿਰੋਧੀ ਧਿਰ ਵਲੋਂ ਬੁਲਾਈ ਗਈ ਰੈਲੀ ਵਿਚ ਪਹੁੰਚੇ ਅਤੇ ਹਸੀਨਾ ਦੇ ਅਸਤੀਫੇ ਦੀ ਮੰਗ ਕੀਤੀ।
ਢਾਕਾ ਸਮੇਤ 16 ਥਾਵਾਂ ‘ਤੇ ਰੈਲੀਆਂ ਕੱਢੀਆਂ ਗਈਆਂ। ਇਸ ਹਿੰਸਾ ਦੌਰਾਨ ਵਿਰੋਧੀ ਪਾਰਟੀ ਦੇ ਇੱਕ ਵਰਕਰ ਦੀ ਮੌਤ ਹੋ ਗਈ, ਜਦਕਿ ਸੈਂਕੜੇ ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਮੁਤਾਬਕ ਬੰਗਲਾਦੇਸ਼ ਦੀ ਮੁੱਖ ਵਿਰੋਧੀ ਪਾਰਟੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀਐੱਨਪੀ) ਨੇ ਮੁੜ ਚੋਣਾਂ ਦੀ ਮੰਗ ਲਈ ਇਨ੍ਹਾਂ ਰੈਲੀਆਂ ਦਾ ਆਯੋਜਨ ਕੀਤਾ।
ਬੰਗਲਾਦੇਸ਼ ਵਿਚ ਵਿਰੋਧੀ ਧਿਰ ਲੰਬੇ ਸਮੇਂ ਤੋਂ ਸੱਤਾਧਾਰੀ ਪਾਰਟੀ (ਬੰਗਲਾਦੇਸ਼ ਅਵਾਮੀ ਲੀਗ) ‘ਤੇ ਭ੍ਰਿਸ਼ਟਾਚਾਰ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਦੇ ਦੋਸ਼ ਲਾਉਂਦੀ ਆ ਰਹੀ ਹੈ। ਬੀਐੱਨਪੀ ਦੇ ਜਨਰਲ ਸਕੱਤਰ ਮਿਰਜ਼ਾ ਫਖ਼ਰੂਲ ਇਸਲਾਮ ਆਲਮਗੀਰ ਨੇ ਸ਼ੇਖ ਹਸੀਨਾ ਨੂੰ ਤੁਰੰਤ ਅਹੁਦਾ ਛੱਡਣ, ਸੰਸਦ ਨੂੰ ਭੰਗ ਕਰਨ ਅਤੇ ਦੇਸ਼ ਵਿੱਚ ਲੋਕਤੰਤਰ ਨੂੰ ਬਹਾਲ ਕਰਨ ਵਿੱਚ ਮੱਦਦ ਲਈ ਅੰਤਰਿਮ ਕਾਰਜਕਾਰੀ ਸਰਕਾਰ ਨੂੰ ਸੱਤਾ ਸੌਂਪਣ ਦੀ ਮੰਗ ਕੀਤੀ ਹੈ।
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਖਿਲਾਫ ਸੜਕਾਂ ‘ਤੇ ਉਤਰੇ ਲੋਕ, ਅਸਤੀਫੇ ਦੀ ਮੰਗ
