PUBG ਖੇਡਦਿਆਂ ਭਾਰਤ ਦੇ ਸਚਿਨ ਮੀਨਾ ਨੂੰ ਦਿਲ ਦੇ ਬੈਠੀ ਪਾਕਿਸਤਾਨ ਦੀ ਸੀਮਾ ਹੈਦਰ ਹੁਣ ATS ਦੇ ਸਵਾਲਾਂ ‘ਚ ਘਿਰ ਗਈ ਹੈ। ਕਦੇ ਜਾਂਚ ਏਜੰਸੀਆਂ ਦੇ ਹਰ ਸਵਾਲ ਦਾ ਜਵਾਬ ਦੇਣ ਵਾਲੀ ਸੀਮਾ ਹੈਦਰ ਨੇ ਪਿਛਲੇ ਦੋ ਦਿਨਾਂ ਤੋਂ ਏਟੀਐੱਸ ਦੇ ਸਵਾਲਾਂ ਦਾ ਸਾਹਮਣਾ ਕੀਤਾ ਪਰ ਅਜਿਹੇ ਕਈ ਸਵਾਲ ਹਨ ਜਿਨ੍ਹਾਂ ਦਾ ਜਵਾਬ ਉਹ ਨਹੀਂ ਦੇ ਸਕੀ। ਅਜਿਹੇ ‘ਚ ਜਾਂਚ ਏਜੰਸੀਆਂ ਦੇ ਉਸ ਦੇ ਪਾਕਿਸਤਾਨੀ ਜਾਸੂਸ ਹੋਣ ਦੇ ਖਦਸ਼ੇ ਮਜ਼ਬੂਤ ਹੁੰਦੇ ਜਾ ਰਹੇ ਹਨ।
ਜਾਣਦੇ ਹਾਂ ਪਿਛਲੇ ਦੋ ਦਿਨਾਂ ‘ਚ ਕਿਹੜੇ-ਕਿਹੜੇ ਵੱਡੇ ਸਵਾਲ ਹਨ, ਜਿਨ੍ਹਾਂ ਦਾ ਸੀਮਾ ਹੈਦਰ ਕੋਲ ਕੋਈ ਜਵਾਬ ਨਹੀਂ ਹੈ : –
– ਸੀਮਾ ਨੇ ਫੌਜੀ ਅਧਿਕਾਰੀ ਨੂੰ ਫੇਸਬੁੱਕ ‘ਤੇ ਫਰੈਂਡ ਰਿਕਵੈਸਟ ਵੀ ਭੇਜੀ ਸੀ ਪਰ ਕਿਉਂ ਇਹ ਨਹੀਂ ਦੱਸਿਆ।
– 8 ਮਈ ਨੂੰ ਪਾਸਪੋਰਟ ਜਾਰੀ ਹੋਇਆ ਤਾਂ 10 ਮਈ ਨੂੰ ਹੀ ਕਿਵੇਂ ਛੱਡ ਦਿੱਤਾ ਪਾਕਿਸਤਾਨ।
– ਪਾਕਿਸਤਾਨ ਤੋਂ ਨੇਪਾਲ ਦਸਤਾਵੇਜ਼ ਲੈ ਕੇ ਆਈ ਤੇ ਭਾਰਤ ‘ਚ ਦਾਖ਼ਲ ਹੋਈ ਤਾਂ ਫਿਰ ਨੇਪਾਲ ‘ਚ ਸਿਮ ਕਿਉਂ ਸੁੱਟੀ।
– 70 ਹਜ਼ਾਰ ਦਾ ਮੋਬਾਈਲ ਦੋ-ਤਿੰਨ ਦਿਨਾਂ ਵਿਚ ਹੀ ਕਿਉਂ ਸੁੱਟ ਦਿੱਤਾ।
– ਸੀਮਾ ਨੇ ਸ਼ੁਰੂ ਤੋਂ ਦੱਸਿਆ ਕਿ ਉਸ ਨੇ ਪਾਕਿਸਤਾਨ ਵਿਚਲਾ ਘਰ 12 ਲੱਖ ਵਿਚ ਵੇਚ ਦਿੱਤਾ ਅਤੇ ਫਿਰ ਉਸ ਪੈਸੇ ਨਾਲ ਭਾਰਤ ਆਈ ਪਰ ਅਜੇ ਤੱਕ ਘਰ ਦੀ ਵਿਕਰੀ ਦੀ ਪੁਸ਼ਟੀ ਨਹੀਂ ਹੋ ਸਕੀ। ਉੱਥੇ ਉਸ ਦੇ ਕਿਰਾਏ ਦੇ ਮਕਾਨ ਵਿਚ ਰਹਿਣ ਦੀ ਪੁਸ਼ਟੀ ਹੋਈ ਹੈ।
– ਸੀਮਾ ਨੇ ਘਰ ਕਿਸ ਦੇ ਜ਼ਰੀਏ ਵੇਚਿਆ, ਪੈਸੇ ਕਿਵੇਂ ਆਏ, ਸਿੱਧੇ ਬੈਂਕ ‘ਚ ਜਾਂ ਕੈਸ਼, ਇਨ੍ਹਾਂ ਸਵਾਲਾਂ ਦਾ ਜਵਾਬ ਵੀ ਉਹ ਦੇਣ ਤੋਂ ਅਸਮਰੱਥ ਹੈ।
– ਪਾਸਪੋਰਟ ਬਣਵਾਉਣ ਅਤੇ ਟਿਕਟ ਲੈਣ ਲਈ ਉਹ ਏਜੰਟ ਤੱਕ ਕਿਵੇਂ ਪਹੁੰਚੀ, ਇਹ ਵੀ ਇੱਕ ਸਵਾਲ ਹੈ, ਜਿਸ ਦਾ ਕੋਈ ਸਪੱਸ਼ਟ ਜਵਾਬ ਨਹੀਂ ਮਿਲ ਸਕਿਆ।
– ਸੀਮਾ ਨੇ ਨੇਪਾਲ ਤੋਂ ਸੀਤਾਮੜੀ (ਬਿਹਾਰ) ਰਾਹੀਂ ਭਾਰਤ ਵਿੱਚ ਘੁਸਪੈਠ ਕਰਨ ਦੀ ਗੱਲ ਕਬੂਲੀ ਹੈ।
– ਉਸ ਕੋਲ ਇਸ ਗੱਲ ਦਾ ਜਵਾਬ ਵੀ ਨਹੀਂ ਹੈ ਕਿ ਆਰਥਿਕ ਮਦਦ ਕਿਸ ਤੋਂ ਮਿਲੀ।
– ਸੀਮਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਦੇ ਪਿਤਾ ਅਤੇ ਭਰਾ ਪਾਕਿਸਤਾਨੀ ਫੌਜ ਵਿਚ ਹਨ।
– ਸੀਮਾ ਨੇ ਦੱਸਿਆ ਕਿ ਉਸ ਦਾ ਭਰਾ ਪਾਕਿਸਤਾਨੀ ਫੌਜ ‘ਚ ਭਰਤੀ ਹੋਣ ਦੀ ਤਿਆਰੀ ਕਰ ਰਿਹਾ ਹੈ।
– ਪਛਾਣ ਪੱਤਰ ਮੁਤਾਬਕ ਸੀਮਾ ਦੀ ਉਮਰ ਮਹਿਜ਼ 21 ਸਾਲ ਹੈ, ਜਦੋਂਕਿ ਸੀਮਾ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਉਸ ਦੀ ਉਮਰ 27 ਸਾਲ ਹੈ ਅਤੇ ਚਾਰੇ ਬੱਚੇ ਉਸ ਦੇ ਹੀ ਹਨ। ਉਹ ਇਹ ਨਹੀਂ ਦੱਸ ਸਕੀ ਕਿ ਉਮਰ ਵਿਚ ਇੰਨਾ ਫ਼ਰਕ ਕਿਉਂ ਹੈ।