Sukhbir Badal released Putt Delhi De Poster : ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ 26 ਸਿਆਸੀ ਪਾਰਟੀਆਂ ਵੱਲੋਂ ਇੱਕ ਮਹਾਗੱਠਜੋੜ ਬਣਾਇਆ ਗਿਆ ਜਿਸ ਦਾ ਨਾਮ INDIA ਰੱਖਿਆ ਗਿਆ ਹੈ। ਇਸ ਵਿੱਚ ਮੁੱਖ ਤੌਰ ‘ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਸ਼ਾਮਲ ਹੈ। ਇਸ ਮਹਾਗਠਜੋੜ ਕਾਰਨ ਹੁਣ ਪੰਜਾਬ ਵਿੱਚ ਸਿਆਸੀ ਹਲਚਲ ਵੀ ਬਦਲੀ ਬਦਲੀ ਅਤੇ ਤੇਜ਼ ਹੁੰਦੀ ਦਿਖਾਈ ਦੇ ਰਹੀ ਹੈ। ਕਿਉਂਕਿ ਨੈਸ਼ਨਲ ਪੱਧਰ ‘ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਵਿਚਾਰ ਧਾਰਾ ਇੱਕ ਹੋ ਗਈ ਹੈ। ਪਰ ਪੰਜਾਬ ਪੱਧਰ ‘ਤੇ ਦੋਵਾਂ ਪਾਰਟੀਆਂ ਦਾ ਕੀ ਬਣੇਗਾ ?
ਫਿਲਹਾਲ ਅਕਾਲੀ ਦਲ ਨੇ ਇਸ ਗਠਜੋੜ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦੇ ਹੋਏ ਰਾਹੁਲ ਗਾਂਧੀ, ਕੇਜਰੀਵਾਲ ਅਤੇ ਭਗਵੰਤ ਮਾਨ ‘ਤੇ ਨਿਸ਼ਾਨਾ ਸਾਥਿਆ ਹੈ। ਸੁਖਬੀਰ ਨੇ ਟਵੀਟ ਕਰਦੇ ਹੋਏ ਲਿਖਿਆ ਕਿ –
ਦਿੱਲੀ ਤੋਂ ਹਿਲਦੀਆਂ ਤਾਰਾਂ ਦੇ ਨਾਲ, ਇਹ ਸਾਰੇ ਹੁਣ ਕਠਪੁਤਲੀ ਨਾਚ ਕਰਦੇ ਹੋਏ ਦਿਖਾਈ ਦੇਣਗੇ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਕੇਜਰੀਵਾਲ ਅਤੇ ਰਾਹੁਲ ਗਾਂਧੀ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀਆਂ ਦੇ ਅਹਿਮ ਹਿੱਤਾਂ ਨੂੰ ਪਾਸੇ ਕਰਕੇ ਪੰਜਾਬ ਨੂੰ ਬਦਨਾਮ ਕਰਦੇ ਨਜ਼ਰ ਆਉਣਗੇ। ਪੰਜਾਬ ਨੂੰ ਹੜ੍ਹਾਂ ‘ਚ ਲਵਾਰਿਸ ਛੱਡ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਹ ਤਮਾਸ਼ਾ ਕਰਵਾਇਆ ਜਾਵੇਗਾ।
ਕੱਲ੍ਹ ਤੱਕ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਵਾਲੀਆਂ ਇਨ੍ਹਾਂ ਕਠਪੁਤਲੀਆਂ ਵਿੱਚੋਂ ਕਿਸੇ ਵਿੱਚ ਵੀ ਇਹ ਹਿੰਮਤ ਨਹੀਂ ਹੈਗੀ ਕਿ ਜਦੋਂ ਉਹ ਪੰਜਾਬ ਦੇ ਵਾਰਿਸ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਸਟੇਜ ਸਾਂਝੀ ਕਰਨ ਲਈ ਮਜ਼ਬੂਰ ਹੋਣਗੇ ਤਾਂ ਉਹ ਆਪਣੇ ਆਕਾਵਾਂ ਨੂੰ ਕਹਿ ਸਕਣ ਕਿ ਉਹ ਤਾਂ ਇੱਕ ਦੂਜੇ ਦੀ ਅੱਖ ‘ਚ ਅੱਖ ਪਾਕੇ ਵੇਖ ਵੀ ਨਹੀਂ ਸਕਦੇ।