ਓਟਵਾ: ਬੁੱਧਵਾਰ ਨੂੰ ਆਪਣੇ ਮੰਤਰੀ ਮੰਡਲ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੱਡਾ ਫੇਰਬਦਲ ਕੀਤਾ ਗਿਆ। ਟਰੂਡੋ ਵੱਲੋਂ ਸੱਤ ਨਵੇਂ ਚਿਹਰਿਆਂ ਨੂੰ ਆਪਣੇ ਫਰੰਟ ਬੈਂਚ ਵਿੱਚ ਸ਼ਾਮਲ ਕੀਤਾ ਗਿਆ, ਸੱਤ ਮੰਤਰੀਆਂ ਨੂੰ ਅਲਵਿਦਾ ਆਖਿਆ ਗਿਆ ਤੇ ਬਹੁਗਿਣਤੀ ਕੈਬਨਿਟ ਮੈਂਬਰਾਂ ਦੀਆਂ ਭੂਮਿਕਾਵਾਂ ਨੂੰ ਮੁੜ ਨਿਰਧਾਰਤ ਕੀਤਾ ਗਿਆ। ਗਵਰਨਰ ਜਨਰਲ ਮੈਰੀ ਸਾਇਮਨ ਦੀ ਅਗਵਾਈ ਵਿੱਚ ਰੀਡੋ ਹਾਲ ਵਿਖੇ ਆਯੋਜਿਤ ਸਮਾਰੋਹ ਵਿੱਚ ਟਰੂਡੋ ਨੇ ਅੱਠ ਸਾਲ ਸੱਤਾ ਵਿੱਚ ਰਹਿਣ ਤੋਂ ਬਾਅਦ ਘੱਟ ਗਿਣਤੀ ਲਿਬਰਲ ਸਰਕਾਰ ਦੇ ਏਜੰਡੇ ਨੂੰ ਮੁੜ ਸੈੱਟ ਕੀਤਾ। ਮੰਤਰੀ ਮੰਡਲ ਵਿੱਚ ਫੇਰਬਦਲ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਮੰਨਿਆ ਕਿ ਇਹ ਤਬਦੀਲੀ ਉਸ ਸਮੇਂ ਕੀਤੀ ਜਾ ਰਹੀ ਹੈ ਜਦੋਂ ਇੱਕ ਪਾਸੇ ਯੂਕਰੇਨ ਦੀ ਜੰਗ ਚੱਲ ਰਹੀ ਹੈ, ਵਿਦੇਸ਼ੀ ਦਖ਼ਲ ਵੱਧ ਚੁੱਕੀ ਹੈ ਤੇ ਮਹਿੰਗਾਈ ਸਾਰੇ ਹੱਦ ਬੰਨੇ ਟੱਪ ਚੁੱਕੀ ਹੈ।ਉਨ੍ਹਾਂ ਆਖਿਆ ਕਿ ਉਨ੍ਹਾਂ ਵੱਲੋਂ ਚੁੱਕਿਆ ਗਿਆ ਇਹ ਕਦਮ ਸਕਾਰਾਤਮਕ ਹੈ। ਉਨ੍ਹਾਂ ਇਹ ਵੀ ਆਖਿਆ ਕਿ ਸਮਾਂ ਚੁਣੌਤੀਆਂ ਭਰਿਆ ਚੱਲ ਰਿਹਾ ਹੈ ਪਰ ਅਸੀਂ ਕੈਨੇਡੀਅਨਜ਼ ਲਈ ਬਿਹਤਰ ਤੇ ਸੁਰੱਖਿਅਤ ਭਵਿੱਖ ਸਿਰਜਣ ਲਈ ਹਰ ਸੰਭਵ ਕੋਸਿ਼ਸ਼ ਕਰਨੀ ਜਾਰੀ ਰੱਖਾਂਗੇ। ਬਹੁਤੇ ਮੰਤਰੀ ਚੜ੍ਹਦੀ ਕਲਾ ਵਿੱਚ ਨਜ਼ਰ ਆ ਰਹੇ ਸਨ ਤੇ ਸਾਰਿਆਂ ਦੀਆਂ ਨਜ਼ਰਾਂ ਅਨੀਤਾ ਆਨੰਦ ਉੱਤੇ ਟਿਕੀਆਂ ਹੋਈਆਂ ਸਨ।ਅਨੀਤਾ ਆਨੰਦ ਨੂੰ ਰੱਖਿਆ ਮੰਤਰੀ ਦੇ ਅਹਿਮ ਅਹੁਦੇ ਤੋਂ ਹਟਾ ਕੇ ਖਜ਼ਾਨਾ ਬੋਰਡ ਦਾ ਪ੍ਰੈਜ਼ੀਡੈਂਟ ਨਿਯੁਕਤ ਕੀਤਾ ਗਿਆ ਹੈ। ਇਹ ਵੀ ਬਹੁਤ ਜਿ਼ੰਮੇਵਾਰੀ ਵਾਲਾ ਤੇ ਅਹਿਮ ਅਹੁਦਾ ਹੈ।ਪੱਤਰਕਾਰਾਂ ਵੱਲੋਂ ਜਦੋਂ ਪੁੱਛਿਆ ਗਿਆ ਕਿ ਰੱਖਿਆ ਮੰਤਰੀ ਵਜੋਂ ਆਪਣਾ ਕੰਮ ਅਧੂਰਾ ਛੱਡ ਕੇ ਆਉਣ ਨਾਲ ਉਸ ਨੂੰ ਕਿਹੋ ਜਿਹਾ ਲੱਗ ਰਿਹਾ ਹੈ ਤਾਂ ਉਨ੍ਹਾਂ ਆਖਿਆ ਕਿ ਜਿੱਥੇ ਉਹ ਆਪਣਾ ਕੰਮ ਅਧੂਰਾ ਛੱਡ ਕੇ ਆਈ ਹੈ ਉੱਥੋਂ ਹੀ ਮੰਤਰੀ ਬਿੱਲ ਬਲੇਅਰ ਕੰਮ ਨੂੰ ਪੂਰਾ ਕਰਨਗੇ। ਸਾਬਕਾ ਪੁਲਿਸ ਤੇ ਐਮਰਜੰਸੀ ਪ੍ਰਿਪੇਅਰਡਨੈੱਸ ਮੰਤਰੀ ਬਿੱਲ ਬਲੇਅਰ ਨੂੰ ਰੱਖਿਆ ਮੰਤਰਾਲਾ ਦਿੱਤਾ ਗਿਆ ਹੈ।ਯੂਕਰੇਨ ਵਿੱਚ ਚੱਲ ਰਹੀ ਜੰਗ ਤੇ ਰੱਖਿਆ ਮੰਤਰਾਲੇ ਨਾਲ ਜੁੜੇ ਖਰਚਿਆਂ ਦੇ ਦਬਾਅ ਵਿੱਚ ਬਲੇਅਰ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣੀ ਹੋਵੇਗੀ।
ਟਰੂਡੋ ਨੇ ਆਪਣੇ ਕੈਬਨਿਟ ਵਿੱਚ ਕੀਤਾ ਵੱਡਾ ਫੇਰਬਦਲ
