ਹਰਿਆਣਾ ਦੇ ਨੂਹ ਵਿੱਚ ਹੋਈ ਹਿੰਸਾ ਕਾਰਨ ਹੁਣ ਤੱਕ 6 ਜਣਿਆਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ‘ਚੋਂ 2 ਹੋਮਗਾਰਡ ਅਤੇ 4 ਆਮ ਨਾਗਰਿਕ ਹਨ। ਸੂਬਾ ਪੁਲਿਸ ਦੀਆਂ 30 ਕੰਪਨੀਆਂ ਅਤੇ ਕੇਂਦਰੀ ਸੁਰੱਖਿਆ ਬਲਾਂ ਦੀਆਂ 20 ਕੰਪਨੀਆਂ ਤਾਇਨਾਤ ਹਨ। ਕੇਂਦਰੀ ਸੁਰੱਖਿਆ ਬਲ ਦੀਆਂ 20 ਕੰਪਨੀਆਂ ਵਿੱਚੋਂ, ਪਲਵਲ ਵਿੱਚ 3, ਗੁਰੂਗ੍ਰਾਮ ਵਿੱਚ 2, ਫਰੀਦਾਬਾਦ ਵਿੱਚ 1 ਅਤੇ ਨੂਹ ਵਿੱਚ 14 ਨੂੰ ਤਾਇਨਾਤ ਕੀਤਾ ਗਿਆ ਹੈ। ਹੁਣ ਤੱਕ 116 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਅ ਹੈ, ਜਿਨ੍ਹਾਂ ਦਾ ਅੱਜ ਰਿਮਾਂਡ ਲਿਆ ਜਾਵੇਗਾ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਜਨਤਾ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਬੁੱਧਵਾਰ ਨੂੰ ਕਿਹਾ ਕਿ ਹਰਿਆਣਾ ਦੇ ਨੂਹ ਜਿ਼ਲ੍ਹੇ ਵਿੱਚ ਹਿੰਸਾ ਵਿੱਚ ਛੇ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਬਖਸਿ਼ਆ ਨਹੀਂ ਜਾਵੇਗਾ। ਅਸੀਂ ਜਨਤਾ ਦੀ ਸੁਰੱਖਿਆ ਲਈ ਵਚਨਬੱਧ ਹਾਂ। ਸੂਬੇ ਵਿੱਚ ਕੁੱਲ ਮਿਲਾ ਕੇ ਸਥਿਤੀ ਆਮ ਵਾਂਗ ਹੈ। ਹਰਿਆਣਾ ਦੇ ਮੁੱਖ ਮੰਤਰੀ ਨੇ ਲੋਕਾਂ ਨੂੰ ਸ਼ਾਂਤੀ ਅਤੇ ਆਪਸੀ ਭਾਈਚਾਰਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਜਿ਼ਕਰਯੋਗ ਹੈ ਕਿ ਨੂਹ ਵਿਚ ਸੋਮਵਾਰ ਅੱਧੀ ਰਾਤ ਤੋਂ 48 ਘੰਟਿਆਂ ਲਈ ਧਾਰਾ 144 ਲਾਗੂ ਕਰ ਦਿੱਤੀ ਗਈ ਹੈ ਅਤੇ ਜਿ਼ਲ੍ਹੇ ਵਿੱਚ ਮੋਬਾਈਲ ਇੰਟਰਨੈਟ ਸੇਵਾਵਾਂ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਹੈ। ਹਰਿਆਣਾ ਦੇ ਨੂਹ ਅਤੇ ਮੇਵਾਤ ਵਿੱਚ ਹੋਈ ਹਿੰਸਾ ਖਿਲਾਫ ਬਜਰੰਗ ਦਲ ਦੇ ਵਰਕਰਾਂ ਨੇ ਨੋਇਡਾ ਅਤੇ ਦਿੱਲੀ ਵਿੱਚ ਪ੍ਰਦਰਸ਼ਨ ਕੀਤਾ ਹੈ।