ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉੱਤੇ ਪਲਟਵਾਰ ਕਰਦਿਆਂ ਆਖਿਆ ਕਿ ਜੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਪਹੁੰਚ ਹਰ ਗੱਲ ਲਈ ਕਟੌਤੀਆਂ ਤੇ ਗੁੱਸੇ ਵਾਲੀ ਹੈ ਤਾਂ ਟਰੂਡੋ ਕੈਨੇਡੀਅਨਜ਼ ਦੇ ਗੁੱਸੇ ਲਈ ਜਿ਼ੰਮੇਵਾਰੀ ਲੈਣ।
ਮੰਗਲਵਾਰ ਨੂੰ ਓਟਵਾ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੌਲੀਏਵਰ ਨੇ ਆਖਿਆ ਕਿ ਅੱਠ ਸਾਲਾਂ ਬਾਅਦ ਘਰਾਂ ਦੀਆਂ ਕੀਮਤਾਂ ਦੁੱਗਣੀਆਂ ਹੋ ਚੁੱਕੀਆਂ ਹਨ, ਰਹਿਣੀ ਸਹਿਣੀ ਦੀਆਂ ਕੀਮਤਾਂ ਦੁੱਗਣੀਆਂ ਹੋ ਗਈਆਂ ਹਨ, ਸਾਡੀਆਂ ਸੜਕਾਂ ਉੱਤੇ ਜੁਰਮ, ਅਵਿਵਸਥਾ ਤੇ ਨਸ਼ੇ ਫੈਲੇ ਹੋਏ ਹਨ। ਹੁਣ ਟਰੂਡੋ ਨੂੰ ਇਹ ਲੱਗਦਾ ਹੈ ਕਿ ਅੱਜ ਕੈਨੇਡਾ ਵਿੱਚ ਸੱਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਲੋਕ ਉਨ੍ਹਾਂ ਨਾਲ ਗੁੱਸੇ ਹਨ ਪਰ ਦਿੱਕਤ ਇਹ ਹੈ ਕਿ ਲੋਕ ਆਪਣਾ ਕਿਰਾਇਆ ਤੱਕ ਨਹੀਂ ਦੇ ਪਾ ਰਹੇ।
ਜਿ਼ਕਰਯੋਗ ਹੈ ਕਿ ਹੈਮਿਲਟਨ ਵਿੱਚ ਇੱਕ ਹਾਊਸਿੰਗ ਈਵੈਂਟ ਨੂੰ ਸੰਬੋਧਨ ਕਰਦਿਆਂ ਟਰੂਡੋ ਨੇ ਇਹ ਆਖਿਆ ਸੀ ਕਿ ਕੰਜ਼ਰਵੇਟਿਵ ਆਗੂ ਪਿਏਰ ਪੌਲੀਏਵਰ ਦਾ ਹਰ ਜਵਾਬ ਕਟੌਤੀਆਂ ਹੁੰਦਾ ਹੈ ਤੇ ਉਹ ਗੁੱਸੇ ਵਿੱਚ ਹੀ ਰਹਿੰਦੇ ਹਨ ਤੇ ਕੈਨੇਡਾ ਇਹੋ ਜਿਹਾ ਨਹੀਂ ਹੈ। ਉਨ੍ਹਾਂ ਇਹ ਦੋਸ਼ ਵੀ ਲਾਇਆ ਕਿ ਪੌਲੀਏਵਰ ਵਰਗੇ ਆਗੂ ਲੋਕਾਂ ਵਿੱਚ ਗੁੱਸਾ ਭਰ ਰਹੇ ਹਨ ਪਰ ਕੈਨੇਡੀਅਨਜ਼ ਮਿਹਨਤਕਸ ਹਨ ਤੇ ਆਪਣਾ ਭਵਿੱਖ ਸੰਵਾਰਨਾਂ ਜਾਣਦੇ ਹਨ। ਉਹ ਇਹ ਨਹੀਂ ਆਖਦੇ ਫਿਰਦੇ ਕਿ ਉਹ ਹੁਣ ਸੱਭ ਖ਼ਤਮ ਹੋ ਗਿਆ ਹੈ ਤੇ ਅਜਿਹਾ ਕਰਕੇ ਉਹ ਘਰਾਂ ਵਿੱਚ ਵਿਹਲੇ ਨਹੀਂ ਬੈਠਦੇ। ਕੈਨੇਡੀਅਨਜ਼ ਅਜਿਹੇ ਨਹੀਂ ਹਨ।
ਮੰਗਲਵਾਰ ਨੂੰ ਭਾਜੀ ਮੋੜਦਿਆਂ ਪੌਲੀਏਵਰ ਨੇ ਆਖਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਟਰੂਡੋ ਦੇ ਜਜ਼ਬਾਤਾਂ ਨੂੰ ਠੇਸ ਪਹੁੰਚੀ ਹੈ ਕਿਉਂਕਿ ਇਹ ਤਾਂ ਸੱਚ ਹੈ ਕਿ ਕੈਨੇਡੀਅਨਜ਼ ਉਨ੍ਹਾਂ ਤੋਂ ਗੁੱਸਾ ਹਨ।ਪੌਲੀਏਵਰ ਨੇ ਆਖਿਆ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਟਰੂਡੋ ਨੇ ਕੈਨੇਡਾ ਦੇ ਇਤਿਹਾਸ ਦੇ ਸੱਭ ਤੋਂ ਖਰਾਬ ਇਮੀਗ੍ਰੇਸ਼ਨ ਮੰਤਰੀ ਨੂੰ ਹੁਣ ਹਾਊਸਿੰਗ ਮੰਤਰੀ ਬਣਾ ਦਿੱਤਾ ਹੈ। ਪਰ ਜਦੋਂ ਪੌਲੀਏਵਰ ਤੋਂ ਇਹ ਪੁੱਛਿਆ ਗਿਆ ਕਿ ਜੇ ਉਹ ਪ੍ਰਧਾਨ ਮੰਤਰੀ ਹੁੰਦੇ ਤਾਂ ਉਨ੍ਹਾਂ ਦੇ ਇਮੀਗੇ੍ਰਸ਼ਨ ਟੀਚੇ ਕੀ ਹੁੰਦੇ ਤਾਂ ਉਹ ਸਵਾਲ ਦਾ ਜਵਾਬ ਦੇਣ ਤੋਂ ਟਾਲਾ ਵੱਟ ਗਏ।
ਪੌਲੀਏਵਰ ਨੇ ਭਾਜੀ ਮੋੜੀ, ਟਰੂਡੋ ਨੂੰ ਅੱਜ ਦੇ ਹਾਲਾਤ ਲਈ ਜਿ਼ੰਮੇਵਾਰੀ ਲੈਣ ਵਾਸਤੇ ਆਖਿਆ
