18 ਸਾਲਾਂ ਦੀ ਵਿਆਹੁਤਾ ਜਿੰਦਗੀ ਤੋਂ ਬਾਅਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਉਨ੍ਹਾਂ ਦੀ ਪਤਨੀ ਸੋਫੀ ਗ੍ਰੈਗੌਇਰ ਟਰੂਡੋ ਵੱਖ ਹੋਣ ਜਾ ਰਹੇ ਹਨ। ਦੋਵਾਂ ਨੇ ਅਜੇ ਵੀ ਬੱਚਿਆਂ ਨੂੰ ਰਲ ਕੇ ਪਾਲਣ ਦਾ ਫੈਸਲਾ ਕੀਤਾ ਹੈ ਪਰ ਆਪ ਉਹ ਵੱਖ ਵੱਖ ਰਹਿਣਗੇ।
ਇਨਸਟਾਗ੍ਰਾਮ ਉੱਤੇ ਇੱਕ ਨਿੱਕਾ ਜਿਹਾ ਬਿਆਨ ਜਾਰੀ ਕਰਕੇ ਟਰੂਡੋ ਨੇ ਆਖਿਆ ਕਿ ਬਹੁਤ ਸਾਰੀ ਅਰਥਭਰਪੂਰ ਤੇ ਔਖੀ ਗੱਲਬਾਤ ਤੋਂ ਬਾਅਦ ਉਨ੍ਹਾਂ ਦੋਵਾਂ ਨੇ ਅੱਡ ਹੋਣ ਦਾ ਫੈਸਲਾ ਕੀਤਾ ਹੈ। ਇਸ ਪੋਸਟ ਵਿੱਚ ਟਰੂਡੋ ਨੇ ਆਖਿਆ ਕਿ ਹਮੇਸ਼ਾਂ ਵਾਂਗ ਹੀ ਅਸੀਂ ਪਰਿਵਾਰ ਵਜੋਂ ਇੱਕ ਦੂਜੇ ਨਾਲ ਜੁੜੇ ਰਹਾਂਗੇ ਤੇ ਇੱਕ ਦੂਜੇ ਦਾ ਆਦਰ ਸਤਿਕਾਰ ਕਰਾਂਗੇ। ਅਸੀਂ ਹੁਣ ਤੱਕ ਜੋ ਵੀ ਬਣਾਇਆ ਹੈ ਤੇ ਜੋ ਅੱਗੇ ਬਣਾਂਵਾਂਗੇ ਉਹ ਸਾਡਾ ਸੱਭ ਦਾ ਹੋਵੇਗਾ। ਇਸੇ ਪੋਸਟ ਨੂੰ ਗ੍ਰੈਗੌਇਰ ਟਰੂਡੋ ਦੇ ਅਕਾਊਂਟ ਤੋਂ ਵੀ ਸਾਂਝਾ ਕੀਤਾ ਗਿਆ।
ਬੱਚਿਆਂ ਦੀ ਭਲਾਈ ਲਈ ਟਰੂਡੋ ਨੇ ਕੈਨੇਡੀਅਨਜ਼ ਨੂੰ ਪਰਿਵਾਰ ਦੀ ਪ੍ਰਾਈਵੇਸੀ ਦੀ ਕਦਰ ਕਰਨ ਲਈ ਆਖਿਆ। ਇੱਥੇ ਦੱਸਣਾਂ ਬਣਦਾ ਹੈ ਕਿ ਟਰੂਡੋ ਤੇ ਸੋਫੀ ਦਾ ਵਿਆਹ 28 ਮਈ, 2005 ਨੂੰ ਹੋਇਆ ਸੀ ਤੇ ਉਨ੍ਹਾਂ ਦੇ ਤਿੰਨ ਬੱਚੇ ਹਨ, 15 ਸਾਲਾ ਜ਼ੇਵੀਅਰ, 14 ਸਾਲਾ ਐਲਾ-ਗ੍ਰੇਸ ਤੇ ਨੌਂ ਸਾਲਾ ਹੈਡਰੀਅਨ। ਇੱਕ ਵੱਖਰੀ ਰਲੀਜ਼ ਵਿੱਚ ਪ੍ਰਧਾਨ ਮੰਤਰੀ ਆਫਿਸ (ਪੀਐਮਓ) ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਕਿ ਇਸ ਜੋੜੇ ਨੇ ਕਾਨੂੰਨੀ ਤੌਰ ਉੱਤੇ ਵੱਖ ਹੋਣ ਵਾਲੇ ਅਗਰੀਮੈਂਟ ਉੱਤੇ ਦਸਤਖ਼ਤ ਕੀਤੇ ਹਨ।
ਇਹ ਵੀ ਪਤਾ ਲੱਗਿਆ ਹੈ ਕਿ ਟਰੂਡੋ ਤੇ ਸੋਫੀ ਨੇ ਬੱਚਿਆਂ ਨੂੰ ਰਲ ਕੇ ਪਾਲਣ ਦਾ ਫੈਸਲਾ ਕੀਤਾ ਹੈ ਤੇ ਅਕਸਰ ਇਹ ਪਰਿਵਾਰ ਇੱਕਠਾ ਨਜ਼ਰ ਆਇਆ ਕਰੇਗਾ। ਅਗਲੇ ਹਫਤੇ ਤੋਂ ਹੀ ਸਾਰੇ ਛੁੱਟੀਆਂ ਮਨਾਉਣ ਲਈ ਇੱਕਠੇ ਜਾ ਰਹੇ ਹਨ ਪਰ ਅਜੇ ਲੋਕੇਸ਼ਨ ਸਾਂਝੀ ਨਹੀਂ ਕੀਤੀ ਗਈ। ਪਿੱਛੇ ਜਿਹੇ ਇਹ ਪਰਿਵਾਰ ਮੌਂਟੈਨਾ ਤੇ ਜਮਾਇਕਾ ਵਿੱਚ ਛੁੱਟੀਆਂ ਮਨਾ ਕੇ ਆਇਆ ਸੀ। ਟਰੂਡੋ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਪਰਿਵਾਰ ਓਟਵਾ ਵਿੱਚ ਰੀਡੋ ਹਾਲ ਵਿੱਚ ਰੀਡੋ ਕਾਟੇਜ ਵਿੱਚ ਰਹਿੰਦਾ ਰਿਹਾ ਹੈ। ਟਰੂਡੋ ਕੋਲ ਗੈਟੀਨਿਊ, ਕਿਊਬਿਕ ਵਿੱਚ ਹੈਰਿੰਗਟਨ ਲੇਕ ਉੱਤੇ ਵੀ ਕਾਟੇਜ ਹੈ। ਜਾਣਕਾਰ ਸੂਤਰ ਵੱਲੋਂ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦੱਸਿਆ ਗਿਆ ਹੈ ਕਿ ਸੋਫੀ ਅਜੇ ਵੀ ਬਹੁਤਾ ਸਮਾਂ ਰਿਡੋ ਕਾਟੇਜ ਵਿੱਚ ਹੀ ਬਿਤਾਏਗੀ ਪਰ ਉਸ ਨੇ ਆਪਣੇ ਖਰਚੇ ਉੱਤੇ ਨੇੜੇ ਹੀ ਪ੍ਰਾਈਵੇਟ ਰੈਜ਼ੀਡੈਂਸ ਵਿੱਚ ਸਿ਼ਫਟ ਹੋਣ ਦਾ ਪ੍ਰਬੰਧ ਵੀ ਕਰ ਲਿਆ ਹੈ। ਸੂਤਰ ਨੇ ਇਹ ਵੀ ਆਖਿਆ ਕਿ ਇਹ ਦੋਵੇਂ ਵੱਖ ਹੋ ਰਹੇ ਹਨ ਤਲਾਕ ਨਹੀਂ ਲੈ ਰਹੇ। ਇਸ ਲਈ ਦੋਵਾਂ ਵੱਲੋਂ ਬੱਚਿਆਂ ਨੂੰ ਰਲ ਕੇ ਪਾਲਣ ਦਾ ਫੈਸਲਾ ਕੀਤਾ ਗਿਆ ਹੈ।
ਪਰ ਹੁਣ ਵੱਡੀ ਤਬਦੀਲੀ ਇਹ ਹੋਵੇਗੀ ਕਿ ਸੋਫੀ ਨੂੰ ਪ੍ਰਧਾਨ ਮੰਤਰੀ ਦੀ ਪਤਨੀ ਵਜੋਂ ਕੈਨੇਡਾ ਸਰਕਾਰ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਹੀਂ ਮਿਲੇਗਾ। ਉਸ ਨੂੰ ਪ੍ਰਧਾਨ ਮੰਤਰੀ ਦੀ ਪਤਨੀ ਵਜੋਂ ਮਾਨਤਾ ਨਹੀਂ ਦਿੱਤੀ ਜਾਵੇਗੀ। ਨਾ ਹੀ ਉਹ ਪ੍ਰਧਾਨ ਮੰਤਰੀ ਦੀ ਪਤਨੀ ਦੀ ਹੈਸੀਅਤ ਨਾਲ ਕੋਈ ਈਵੈਂਟ ਹੀ ਅਟੈਂਡ ਕਰ ਸਕਦੀ ਹੈ।
ਵਿਆਹ ਦੇ 18 ਸਾਲ ਬਾਅਦ ਵੱਖ ਹੋ ਰਹੇ ਹਨ ਟਰੂਡੋ ਤੇ ਸੋਫੀ
