ਓਟਵਾ: ਪ੍ਰਧਾਨ ਮੰਤਰੀ ਆਫਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਜਸਟਿਨ ਟਰੂਡੋ ਤੇ ਉਸ ਦਾ ਪਰਿਵਾਰ ਬ੍ਰਿਟਿਸ਼ ਕੋਲੰਬੀਆ ਵਿਖੇ ਛੁੱਟੀਆਂ ਮਨਾਉਣ ਜਾ ਰਿਹਾ ਹੈ। ਇਹ ਛੁੱਟੀਆਂ ਇੱਕ ਹਫਤੇ ਤੋਂ ਥੋੜ੍ਹਾ ਵੱਧ ਚੱਲਣਗੀਆਂ।
ਪੀਐਮਓ ਵੱਲੋਂ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦਾ ਪਰਿਵਾਰ ਕਿੱਥੇ ਰਹਿਣਗੇ ਪਰ ਇਹ ਜ਼ਰੂਰ ਆਖਿਆ ਗਿਆ ਹੈ ਕਿ ਉਹ 18 ਅਗਸਤ ਨੂੰ ਓਟਵਾ ਪਰਤ ਆਉਣਗੇ। ਟਰੂਡੋ ਤੇ 18 ਸਾਲਾਂ ਤੱਕ ਉਨ੍ਹਾਂ ਦੀ ਪਤਨੀ ਰਹੀ ਸੋਫੀ ਗ੍ਰੈਗੌਇਰ ਟਰੂਡੋ ਨੇ ਅਜੇ ਪਿਛਲੇ ਹਫਤੇ ਹੀ ਵੱਖ ਹੋਣ ਦਾ ਐਲਾਨ ਕੀਤਾ ਸੀ ਪਰ ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਸੀ ਕਿ ਉਹ ਪਰਿਵਾਰ ਵਜੋਂ ਇੱਕਠਿਆਂ ਸਮਾਂ ਗੁਜ਼ਾਰਿਆ ਕਰਨਗੇ।
ਆਪਣੇ ਤਿੰਨ ਬੱਚਿਆਂ ਦੀ ਸਲਾਮਤੀ ਲਈ ਉਨ੍ਹਾਂ ਵੱਲੋਂ ਸਾਰਿਆਂ ਤੋਂ ਪ੍ਰਾਈਵੇਸੀ ਦੀ ਮੰਗ ਵੀ ਕੀਤੀ ਗਈ ਸੀ।ਪ੍ਰਧਾਨ ਮੰਤਰੀ ਆਫਿਸ ਦਾ ਕਹਿਣਾ ਹੈ ਕਿ ਇਸ ਟ੍ਰਿੱਪ ਨੂੰ ਐਥਿਕਸ ਕਮਿਸ਼ਨਰ ਵੱਲੋਂ ਹਰੀ ਝੰਡੀ ਦਿੱਤੀ ਗਈ ਹੈ ਤੇ ਟਰੂਡੋ ਆਪਣੇ ਰਹਿਣ ਸਹਿਣ ਦਾ ਬੰਦੋਬਸਤ ਆਪਣੇ ਪੱਲਿਓਂ ਕਰ ਰਹੇ ਹਨ। ਸਕਿਊਰਿਟੀ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਨੂੰ ਰੌਇਲ ਕੈਨੇਡੀਅਨ ਏਅਰ ਫੋਰਸ ਦੇ ਜਹਾਜ਼ ਉੱਤੇ ਸਫਰ ਕਰਨਾ ਪੈਂਦਾ ਹੈ।
ਛੁੱਟੀਆਂ ਮਨਾਉਣ ਲਈ ਬ੍ਰਿਟਿਸ਼ ਕੋਲੰਬੀਆ ਰਵਾਨਾ ਹੋਇਆ ਟਰੂਡੋ ਦਾ ਪਰਿਵਾਰ
