ਓਟਵਾ: ਖਜ਼ਾਨਾ ਬੋਰਡ ਦੀ ਪ੍ਰੈਜ਼ੀਡੈਂਟ ਅਨੀਤਾ ਆਨੰਦ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਖ ਵੱਖ ਵਿਭਾਗਾਂ ਤੋਂ 15 ਬਿਲੀਅਨ ਡਾਲਰ ਤੋਂ ਵੱਧ ਦੀ ਬਚਤ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨ੍ਹਾਂ ਇਹ ਭਰੋਸਾ ਵੀ ਦਿਵਾਇਆ ਕਿ ਇਸ ਨਾਲ ਆਮ ਨਾਲੋਂ ਜਿ਼ਆਦਾ ਨੌਕਰੀਆਂ ਦਾ ਨੁਕਸਾਨ ਨਹੀਂ ਹੋਵੇਗਾ।
ਆਨੰਦ ਨੇ ਪਿੱਛੇ ਜਿਹੇ ਆਪਣੇ ਸਾਥੀ ਕੈਬਨਿਟ ਮੰਤਰੀਆਂ ਨੂੰ ਪੱਤਰ ਭੇਜ ਕੇ ਅਜਿਹੀਆਂ ਥਾਂਵਾਂ ਦੀ ਪਛਾਣ ਕਰਨ ਲਈ 2 ਅਕਤੂਬਰ ਤੱਕ ਦੀ ਡੈੱਡਲਾਈਨ ਦਿੱਤੀ ਹੈ ਜਿੱਥੇ ਉਹ ਆਪਣੇ ਵਿਭਾਗੀ ਬਜਟ ਵਿੱਚ ਕਟੌਤੀ ਕਰ ਸਕਦੇ ਹਨ। ਅਜਿਹਾ ਹੁਣ ਤੇ 2028 ਦਰਮਿਆਨ ਖਰਚੇ ਨੂੰ 14·1 ਬਿਲੀਅਨ ਡਾਲਰ ਤੱਕ ਘਟਾਉਣ ਤੇ ਆਉਣ ਵਾਲੇ ਸਾਲਾਂ ਵਿੱਚ ਹਰ ਸਾਲ 4·1 ਬਿਲੀਅਨ ਡਾਲਰ ਘਟਾਉਣ ਲਈ ਕੀਤਾ ਜਾ ਰਿਹਾ ਹੈ।
ਵੀਰਵਾਰ ਨੂੰ ਇੱਕ ਇੰਟਰਵਿਊ ਵਿੱਚ ਆਨੰਦ ਨੇ ਆਖਿਆ ਕਿ ਜਿਹੜਾ ਮੁਲਾਂਕਣ ਸਾਡੇ ਵੱਲੋਂ ਕੀਤਾ ਜਾ ਰਿਹਾ ਹੈ ਉਹ ਜਿ਼ੰਮੇਵਾਰ ਮੈਨੇਜਮੈਂਟ ਦਾ ਜ਼ਰੂਰੀ ਹਿੱਸਾ ਹੈ। ਉਨ੍ਹਾਂ ਇਹ ਵੀ ਆਖਿਆ ਕਿ ਉਹ ਖੁਦ ਤੇ ਉਹ ਸਾਰੇ ਇਹ ਯਕੀਨੀ ਬਣਾਉਣਾ ਚਾਹੁੰਦੇ ਹਨ ਕਿ ਟੈਕਸਦਾਤਾਵਾਂ ਦੇ ਇੱਕ ਇੱਕ ਡਾਲਰ ਦਾ ਮੁੱਲ ਮੋੜਿਆ ਜਾ ਸਕੇ ਤੇ ਇਨ੍ਹਾਂ ਨੂੰ ਹੋਰ ਸੁਚੱਜੇ ਢੰਗ ਨਾਲ ਖਰਚ ਕੀਤਾ ਜਾ ਸਕੇ। ਸਾਨੂੰ ਵਿੱਤੀ ਤੌਰ ਉੱਤੇ ਹੋਰ ਜਿੰ਼ਮੇਵਾਰੀ ਵਾਲੀ ਭੂਮਿਕਾ ਨਿਭਾਉਣ ਦੀ ਲੋੜ ਹੈ।
ਜਿ਼ਕਰਯੋਗ ਹੈ ਕਿ ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ 2023 ਦੇ ਫੈਡਰਲ ਬਜਟ ਵਿੱਚ 15·4 ਬਿਲੀਅਨ ਡਾਲਰ ਦੀ ਬਚਤ ਦਾ ਵਾਅਦਾ ਕੀਤਾ ਗਿਆ ਸੀ। ਇਸ ਦੌਰਾਨ ਉਨ੍ਹਾਂ ਕੰਸਲਟਿੰਗ ਤੇ ਪ੍ਰੋਫੈਸ਼ਨਲ ਸੇਵਾਵਾਂ ਉੱਤੇ ਖਰਚਿਆਂ ਵਿੱਚ ਕਟੌਤੀ ਕਰਕੇ 7·1 ਬਿਲੀਅਨ ਡਾਲਰ ਦੀ ਬਚਤ ਕਰਨ ਦੀ ਯੋਜਨਾ ਬਣਾਈ ਸੀ। ਬਾਕੀ 7 ਬਿਲੀਅਨ ਡਾਲਰ ਦੀ ਕਟੌਤੀ ਡਿਪਾਰਟਮੈਂਟਲ ਖਰਚਿਆਂ ਵਿੱਚ ਤਿੰਨ ਫੀ ਸਦੀ ਕਮੀ ਲਿਆ ਕੇ ਤੇ 1·3 ਬਿਲੀਅਨ ਡਾਲਰ ਦੀ ਕਟੌਤੀ ਫੈਡਰਲ ਕ੍ਰਾਊਨ ਕਾਰਪੋਰੇਸ਼ਨਜ਼ ਤੋਂ ਅਗਲੇ ਚਾਰ ਸਾਲਾਂ ਵਿੱਚ ਘਟਾ ਕੇ ਕੀਤੀ ਜਾਣੀ ਸੀ।
ਆਨੰਦ ਨੇ ਇਹ ਵੀ ਆਖਿਆ ਕਿ ਸਰਕਾਰੀ ਖਰਚਿਆਂ ਨੂੰ ਮਹਾਂਮਾਰੀ ਤੋਂ ਪਹਿਲਾਂ ਦੇ ਪੱਧਰ ਉੱਤੇ ਲਿਆਉਣ ਲਈ ਇਹ ਸਾਰੀਆਂ ਕੋਸਿ਼ਸ਼ਾਂ ਚੱਲ ਰਹੀਆਂ ਹਨ। ਇਹ ਕਈ ਮਹੀਨਿਆਂ ਤੋਂ ਚੱਲ ਰਹੀਆਂ ਹਨ ਤੇ ਅੱਗੇ ਵੀ ਚੱਲਦੀਆਂ ਰਹਿਣਗੀਆਂ।
ਟਰੂਡੋ ਸਰਕਾਰ ਖਰਚਿਆਂ ਵਿੱਚ ਕਰੇਗੀ 15 ਬਿਲੀਅਨ ਡਾਲਰ ਦੀ ਕਟੌਤੀ : ਆਨੰਦ
