ਸੰਯੁਕਤ ਰਾਸ਼ਟਰ/ਤਲ ਅਵੀਵ: ਸੰਯੁਕਤ ਰਾਸ਼ਟਰ ਸਲਾਮਤੀ ਪਰਿਸ਼ਦ ’ਚ ਬ੍ਰਾਜ਼ੀਲ ਵੱਲੋਂ ਗਾਜ਼ਾ ’ਚ ਮਾਨਵੀ ਸਹਾਇਤਾ ਲਈ ਲਾਂਘਾ ਦੇਣ ਅਤੇ ਜੰਗਬੰਦੀ ਸਬੰਧੀ ਰੱਖੇ ਗਏ ਮਤੇ ਨੂੰ ਅਮਰੀਕਾ ਨੇ ਵੀਟੋ ਕਰ ਦਿੱਤਾ। ਉਧਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਅਪੀਲ ’ਤੇ ਇਜ਼ਰਾਈਲ ਨੇ ਮਿਸਰ ਨੂੰ ਸੀਮਤ ਮਾਨਵੀ ਸਹਾਇਤ ਗਾਜ਼ਾ ਭੇਜਣ ਦੀ ਇਜਾਜ਼ਤ ਦੇਣ ਦਾ ਫੈਸਲਾ ਲਿਆ ਹੈ। ਉਂਜ ਬਾਇਡਨ ਨੇ ਤਲ ਅਵੀਵ ਪਹੁੰਚ ਕੇ ਕਿਹਾ ਕਿ ਹਸਪਤਾਲ ’ਤੇ ਹੋਏ ਹਮਲੇ ਲਈ ਇਜ਼ਰਾਈਲ ਜ਼ਿੰਮੇਵਾਰ ਨਹੀਂ ਹੈ। ਬਾਇਡਨ ਨੇ ਦੋ ਮੁਲਕ ਬਣਾਉਣ ਦੀ ਹਮਾਇਤ ਕਰਦਿਆਂ ਐਲਾਨ ਕੀਤਾ ਕਿ ਗਾਜ਼ਾ ਅਤੇ ਪੱਛਮੀ ਕੰਢੇ ਨੂੰ 10 ਕਰੋੜ ਡਾਲਰ ਦੀ ਮਾਨਵੀ ਸਹਾਇਤਾ ਦਾ ਐਲਾਨ ਕੀਤਾ ਹੈ। ਪੰਦਰਾਂ ਮੈਂਬਰੀ ਸਲਾਮਤੀ ਪਰਿਸ਼ਦ ਨੇ ਮਤੇ ’ਤੇ ਵੋਟਿੰਗ ਕਰਵਾਈ ਸੀ ਜਿਸ ’ਚ 12 ਮੁਲਕਾਂ ਨੇ ਮਤੇ ਦੇ ਪੱਖ ’ਚ ਵੋਟ ਦਿੱਤੀ ਜਦਕਿ ਰੂਸ ਅਤੇ ਬ੍ਰਿਟੇਨ ਇਸ ਤੋਂ ਦੂਰ ਰਹੇ। ਸਲਾਮਤੀ ਪਰਿਸ਼ਦ ਦੇ ਪੰਜ ਸਥਾਈ ਮੈਂਬਰਾਂ ’ਚੋਂ ਇਕ ਅਮਰੀਕਾ ਨੇ ਮਤੇ ਖ਼ਿਲਾਫ਼ ਵੋਟ ਪਾਇਆ ਜਿਸ ਕਾਰਨ ਇਸ ਨੂੰ ਅਪਣਾਇਆ ਨਾ ਜਾ ਸਕਿਆ। ਕੋਈ ਵੀ ਮਤਾ ਪਾਸ ਕਰਾਉਣ ਲਈ 9 ਵੋਟਾਂ ਦੀ ਲੋੜ ਹੁੰਦੀ ਹੈ ਪਰ ਕਿਸੇ ਸਥਾਈ ਮੈਂਬਰ ਵੱਲੋਂ ਉਸ ਨੂੰ ਵੀਟੋ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਗਾਜ਼ਾ ਵਿੱਚ ਜੰਗਬੰਦੀ ਬਾਰੇ ਯੂਐੱਨ ’ਚ ਅਮਰੀਕਾ ਦਾ ਵੀਟੋ
