ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦੀ ਦੇਸ਼ ਵਾਪਸੀ ਤੋਂ ਪਹਿਲਾਂ ਅੱਜ ਉਨ੍ਹਾਂ ਦੇ ਵਕੀਲਾਂ ਨੇ ਇਸਲਾਮਾਬਾਦ ਹਾਈ ਕੋਰਟ ਵਿੱਚ ਜ਼ਮਾਨਤ ਅਰਜ਼ੀ ਦਾਇਰ ਕਰਕੇ ਅਧਿਕਾਰੀਆਂ ਨੂੰ ਨਵਾਜ਼ ਦੇ ਇੱਥੇ ਪਹੁੰਚਣ ’ਤੇ ਗ੍ਰਿਫ਼ਤਾਰ ਕਰਨ ਤੋਂ ਰੋਕਣ ਦੀ ਅਪੀਲ ਕੀਤੀ ਹੈ। ਨਵਾਜ਼ ਸ਼ਰੀਫ਼ (73) ਨੂੰ ਐਵਨਫੀਲਡ ਅਤੇ ਅਲ-ਅਜ਼ੀਜ਼ੀਆ ਮਾਮਲਿਆਂ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਤੋਸ਼ਾਖਾਨਾ ਵਾਹਨ ਮਾਮਲੇ ’ਚ ਭਗੌੜਾ ਐਲਾਨਿਆ ਗਿਆ ਸੀ। ਤੋਸ਼ਾਖਾਨਾ ਮਾਮਲਾ ਇਸਲਾਮਾਬਾਦ ਵਿੱਚ ਇੱਕ ਵਿਸ਼ੇਸ਼ ਅਦਾਲਤ ’ਚ ਵਿਚਾਰ ਅਧੀਨ ਹੈ। ਨਵਾਜ਼ ਜਦੋਂ 2019 ਵਿੱਚ ਇਲਾਜ ਲਈ ਬਰਤਾਨੀਆ ਗਏ ਸੀ ਤਾਂ ਇਨ੍ਹਾਂ ਮਾਮਲਿਆਂ ਵਿੱਚ ਜ਼ਮਾਨਤ ’ਤੇ ਸਨ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਸੁਪਰੀਮੋ ਯੂਕੇ ਵਿੱਚ ਚਾਰ ਸਾਲ ਦੀ ਸਵੈ-ਜਲਾਵਤਨੀ ਖ਼ਤਮ ਕਰਦਿਆਂ 21 ਅਕਤੂਬਰ ਨੂੰ ਪਾਕਿਸਤਾਨ ਪਰਤਣਗੇ। ਪਟੀਸ਼ਨ ਅਨੁਸਾਰ ਨਵਾਜ਼ ਨੇ ਅਦਾਲਤ ਵਿੱਚ ਆਤਮ-ਸਮਰਪਣ ਕਰਨ ਤੋਂ ਪਹਿਲਾਂ ਸੁਰੱਖਿਆਤਮਕ ਜ਼ਮਾਨਤ ਦੀ ਮੰਗ ਕੀਤੀ ਹੈ। ਇਸਲਾਮਾਬਾਦ ਹਾਈ ਕੋਰਟ ਅਗਲੇ ਦੋ ਦਿਨ ਵਿੱਚ ਪਟੀਸ਼ਨ ’ਤੇ ਸੁਣਵਾਈ ਕਰ ਸਕਦੀ ਹੈ। -ਪੀਟੀਆਈ
ਨਵਾਜ਼ ਸ਼ਰੀਫ਼ ਵੱਲੋਂ ਗ੍ਰਿਫ਼ਤਾਰੀ ਤੋਂ ਰਾਹਤ ਲਈ ਅਦਾਲਤ ਦਾ ਰੁਖ਼
