ਵਾਸ਼ਿੰਗਟਨ: ਰਿਪਬਲਿਕਨ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਨਿੱਕੀ ਹੇਲੀ ਨੇ ਗਾਜ਼ਾ ਤੋਂ ਆਉਣ ਵਾਲੇ ਆਮ ਨਾਗਰਿਕਾਂ ਲਈ ਆਪਣੇ ਦਰ ਨਾ ਖੋਲ੍ਹਣ ਲਈ ਇਸਲਾਮਿਕ ਮੁਲਕਾਂ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਇਰਾਨ ਨਾਲ ਪਰਮਾਣੂ ਸੌਦੇ ਲਈ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਮੌਜੂਦਾ ਰਾਸ਼ਟਰਪਤੀ ਜੋਅ ਬਾਇਡਨ ’ਤੇ ਵਰ੍ਹਦਿਆਂ ਤਹਿਰਾਨ ’ਤੇ ਦੋਸ਼ ਲਾਇਆ ਕਿ ਉਹ ਹਮਾਸ ਅਤੇ ਹਿਜ਼ਬੁੱਲਾ ਨੂੰ ਸ਼ਹਿ ਦੇ ਰਿਹਾ ਹੈ। ਹੇਲੀ ਨੇ ‘ਸੀਐੱਨਐੱਨ’ ਨੂੰ ਕਿਹਾ,‘‘ਸਾਨੂੰ ਫਲਸਤੀਨੀ ਨਾਗਰਿਕਾਂ ਖਾਸ ਕਰਕੇ ਬੇਕਸੂਰਾਂ ਦਾ ਧਿਆਨ ਕਰਨਾ ਚਾਹੀਦਾ ਹੈ ਕਿਉਂਕਿ ਉਹ ਸਹਾਇਤਾ ਨਹੀਂ ਮੰਗ ਸਕਦੇ ਹਨ। ਪਰ ਅਰਬ ਮੁਲਕ ਕਿੱਥੇ ਹਨ? ਕਤਰ, ਲਬਿਨਾਨ, ਜਾਰਡਨ ਅਤੇ ਮਿਸਰ ਕਿੱਥੇ ਹਨ? ਕੀ ਤੁਸੀਂ ਜਾਣਦੇ ਹੋ ਕਿ ਅਸੀਂ ਮਿਸਰ ਨੂੰ ਸਾਲ ’ਚ ਅਰਬਾਂ ਡਾਲਰ ਦਿੰਦੇ ਹਾਂ? ਉਹ ਬੂਹੇ ਕਿਉਂ ਨਹੀਂ ਖੋਲ੍ਹ ਰਹੇ ਹਨ? ਉਹ ਫਲਸਤੀਨੀਆਂ ਨੂੰ ਕਿਉਂ ਨਹੀਂ ਲੈ ਰਹੇ ਹਨ?’’ ਉਨ੍ਹਾਂ ਕਿਹਾ ਕਿ ਉਹ ਹਮਾਸ ਨੂੰ ਆਪਣੇ ਗੁਆਂਢ ’ਚ ਨਹੀਂ ਆਉਣ ਦੇਣਾ ਚਾਹੁੰਦੇ ਹਨ। ‘ਫਿਰ ਇਜ਼ਰਾਈਲ ਹਮਾਸ ਨੂੰ ਗੁਆਂਢ ’ਚ ਕਿਉਂ ਰੱਖਣਾ ਚਾਹੇਗਾ? ਅਰਬ ਮੁਲਕ ਫਲਸਤੀਨੀਆਂ ਦੀ ਸਹਾਇਤਾ ਲਈ ਕੁਝ ਵੀ ਨਹੀਂ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਭਰੋਸਾ ਨਹੀਂ ਹੈ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ।’ -ਪੀਟੀਆਈ
ਨਿੱਕੀ ਹੇਲੀ ਵੱਲੋਂ ਫਲਸਤੀਨੀਆਂ ਲਈ ਬੂਹੇ ਬੰਦ ਕਰਨ ’ਤੇ ਇਸਲਾਮਿਕ ਮੁਲਕਾਂ ਦੀ ਨਿਖੇਧੀ
